ਮਹਿੰਗਾਈ ਦੇ ਖਿਲਾਫ 14 ਮਈ ਨੂੰ ਮੋਟਰਸਾਈਕਲ ਮਾਰਚ : ਭੁੱਲਰ, ਦਿਉਲ
ਮਹਿੰਗਾਈ ਦੇ ਖਿਲਾਫ 14 ਮਈ ਨੂੰ ਮੋਟਰਸਾਈਕਲ ਮਾਰਚ :ਭੁੱਲਰ, ਦਿਉਲ
Publish Date: Tue, 12 May 2026 03:48 PM (IST)
Updated Date: Tue, 12 May 2026 03:51 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 14 ਮਈ ਨੂੰ ਗੁਰਦੁਆਰਾ ਜੰਝ ਘਰ ਬਾਂਸੀ ਗੇਟ ਫਿਰੋਜ਼ਪੁਰ ਤੋਂ ਡੀ.ਸੀ ਦਫ਼ਤਰ ਤੱਕ ਠੀਕ 10 ਵਜੇ ਤੋਂ ਨਸ਼ਿਆਂ, ਮਹਿੰਗਾਈ, ਪ੍ਰਦੂਸ਼ਣ ਅਤੇ ਲੋਕ ਮਸਲਿਆਂ ਦੇ ਸਬੰਧੀ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਤੇ ਤੇਜਿੰਦਰ ਸਿੰਘ ਦਿਓਲ ਨੇ ਕਿਹਾ ਕੇ ਮਹਿੰਗਾਈ ਨੇ ਲੋਕਾਂ ਦਾ ਕਚੂਮਾਰ ਕੱਢ ਦਿੱਤਾ ਹੈ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਸੋਨਾ ਖਰੀਦਣ ਤੋਂ ਤੇਲ ਖਰੀਦਣ ਤੋਂ ਅਤੇ ਇਥੋਂ ਤੱਕ ਕੇ ਖਾਣ ਵਾਲਾ ਤੇਲ ਖਰੀਦਣ ਤੋਂ ਵੀ ਮਨਾਹੀ ਕਰਨ ਦੇ ਦਿੱਤੇ ਬਿਆਨ ਤੋਂ ਇਹ ਜ਼ਾਹਰ ਹੁੰਦਾ ਹੈ ਕੇ ਦੇਸ ਆਰਥਿਕ ਤੌਰ ’ਤੇ ਦਵਾਲਿਆ ਹੋਣ ਦੇ ਕੰਡੇ ਤੇ ਹੈ ਅਤੇ ਨਸ਼ਿਆਂ ਵਿਚ ਪੰਜਾਬ ਦੀ ਜਵਾਨੀ ਨੂੰ ਡੋਬਿਆ ਜਾ ਰਿਹਾ ਹੈ। ਬੇਰੁਜ਼ਗਾਰੀ ਵੱਧ ਰਹੀ ਹੈ ਲੋਕਾਂ ਨੂੰ ਸ਼ਰੇਆਮ ਮਾਰਿਆ ਤੇ ਲੁੱਟਿਆ ਜਾ ਰਿਹਾ ਹੈ। ਪੰਜਾਬ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਇਨਸਾਫ ਦੇਣ ਵਾਲੇ ਲੋਕਾਂ ਨਾਲ ਧੱਕੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਅੱਜ ਵੀ ਲੋਕ ਨਾ ਜਾਗੇ ਤਾਂ ਭਾਰਤ ਛੇਤੀ ਹੀ ਉਨ੍ਹਾਂ ਭੁੱਖ ਮਾਰੀ ਦੇਸਾਂ ਵਾਲੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਜੇਕਰ ਪੰਜਾਬ ਬਚਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਹੁਸੈਨੀਵਾਲਾ ਬਾਰਡਰ, ਵਾਹਗਾ ਬਾਰਡਰ, ਸੁਲੇਮਾਨਕੀ ਬਾਰਡਰ ਖੁਲਵਾਉਣ ਵਾਸਤੇ ਸਾਰੀਆ ਪਾਰਟੀਆਂ ’ਤੇ ਜ਼ੋਰ ਪਾਇਆ ਜਾਵੇ, ਜੋ ਆਪਣੀਆਂ ਪਾਰਟੀਆਂ ਵੱਲੋਂ ਮੱਤੇ ਪਾ ਕੇ ਕੇਂਦਰ ਨੂੰ ਭੇਜਣ ਕਿ ਪੰਜਾਬ ਦੇ ਲੋਕਾਂ ਦੀ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਸੈਂਟਰ ਦੀ ਸਰਕਾਰ ਪਾਕਿਸਤਾਨ ਵਿਚਲਾ ਹਊਆਂ ਬਣਾ ਕੇ ਪੰਜਾਬ ਦੇ ਬਾਰਡਰ ਸੀਲ ਕੀਤੇ ਹਨ। ਪਰ ਪੰਜਾਬ ਤੋਂ ਬਾਹਰ ਦੇ ਬਾਰਡਰਾਂ ਰਾਹੀਂ ਪਾਕਿਸਤਾਨ ਨਾਲ ਵਪਾਰ ਕਰ ਰਹੇ ਹਨ ਅਤੇ ਪੰਜਾਬ, ਹਰਿਆਣਾ, ਹਿਮਾਚਲ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਇਸ ਮੌਕੇ ਜਗਜੀਤ ਸਿੰਘ ਸ਼ੂਸ਼ਕ ਤਾਲਮੇਲ ਸਕੱਤਰ ਯੂਥ ਵਿੰਗ ਪੰਜਾਬ ਨੇ ਵੀ ਪੰਜਾਬ ਦੇ ਲੋਕਾਂ ਤੇ ਮਹਿਗਾਈ ਦੀ ਮਾਰ ਦੀ ਨਿਖੇਧੀ ਕੀਤੀ ਹੈ।