ਮਾਂ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਕਰਵਾਈ ਚੌਂਕੀ
ਮਾਂ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਕਰਵਾਈ ਗਈ ਮਾਂ ਦੀ ਚੌਂਕੀ
Publish Date: Fri, 01 May 2026 06:47 PM (IST)
Updated Date: Fri, 01 May 2026 06:50 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ: ਮਾਂ ਚਿੰਤਪੁਰਨੀ ਦੇ ਪ੍ਰਗਟ ਦਿਵਸ ਤੇ ਮਾਂ ਚਿੰਤਪੁਰਨੀ ਸੇਵਾ ਸੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਨ ਬਾਜ਼ਾਰ ਵਿੱਚ ਮਾਂ ਭਗਵਤੀ ਦੀ ਚੌਂਕੀ ਕਰਵਾਈ ਗਈ। ਇਸ ਧਾਰਮਿਕ ਸਮਾਗਮ ਲਈ ਵਿਸ਼ਾਲ ਪੰਡਾਲ ਲਗਾਇਆ ਗਿਆ, ਜਿਸ ਵਿਚ ਮਾਤਾ ਦਾ ਅਤਿ ਸੁੰਦਰ ਦਰਬਾਰ ਸਜਾਇਆ ਗਿਆ। ਦਰਬਾਰ ਦੀ ਰੌਣਕ ਨੂੰ ਹੋਰ ਵਧਾਉਂਦਿਆਂ ਚਿੰਤਪੁਰਨੀ ਤੋਂ ਲਿਆਂਦੀ ਪਵਿੱਤਰ ਜੋਤ ਨੂੰ ਵਿਸ਼ੇਸ਼ ਤੌਰ ’ਤੇ ਸੁਸ਼ੋਭਿਤ ਕੀਤਾ ਗਿਆ, ਜਿਸ ਨੇ ਸੰਗਤਾਂ ਦੇ ਮਨ ਵਿਚ ਅਦਭੁੱਤ ਆਧਿਆਤਮਿਕ ਉਤਸ਼ਾਹ ਪੈਦਾ ਕੀਤਾ। ਇਸ ਮਹਾਂਮਾਈ ਦੀ ਚੌਂਕੀ ਵਿਚ ਲਗਭਗ 1000 ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਚੌਂਕੀ ਦੀ ਸ਼ੁਰੂਆਤ ਮਾਂ ਦੇ ਭਗਤਾਂ ਮਹੰਤ ਹਰਭਜਨ ਲਾਲ ਕ੍ਰਾਂਤੀ, ਲਾਡਾ ਮੋਂਗਾ, ਕੁਲਦੀਪ ਪਿਆਸਾ ਮੰਗਾ ਸਿੰਘ ਵੱਲੋਂ ਪੱਕੀਆਂ ਭੇਟਾਂ ਗਾ ਕੇ ਕੀਤੀ ਗਈ। ਉਸ ਤੋਂ ਬਾਅਦ ਸਥਾਨਕ ਅਤੇ ਬਾਹਰਲੇ ਇਲਾਕਿਆਂ ਤੋਂ ਪਹੁੰਚੇ ਗਾਇਕਾਂ ਨੇ ਭਗਤੀਮਈ ਭੇਟਾਂ ਰਾਹੀਂ ਮਾਹੌਲ ਨੂੰ ਭਾਵੁਕ ਅਤੇ ਰਸਮਈ ਬਣਾ ਦਿੱਤਾ। ਭਗਤੀ ਰਸ ਵਿਚ ਡੁੱਬੀਆਂ ਸੰਗਤਾਂ ਨੇ ਵੀ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮਾਤਾ ਦੇ ਦਰਬਾਰ ਵਿੱਚ ਸ਼ਰਧਾ ਨਾਲ ਮੱਥਾ ਟੇਕਿਆ। ਸਮਾਗਮ ਦੌਰਾਨ ਸ਼ਹਿਰ ਅਤੇ ਬਾਜ਼ਾਰ ਨਿਵਾਸੀਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਸੰਗਤਾਂ ਲਈ ਵੱਖ-ਵੱਖ ਕਿਸਮ ਦੇ ਸਨੈਕਸ, ਆਈਸਕ੍ਰੀਮ ਅਤੇ ਹੋਰ ਲੰਗਰ ਦੀ ਵਿਵਸਥਾ ਕੀਤੀ ਗਈ ਸੀ। ਸੇਵਾਦਾਰਾਂ ਨੇ ਬੜੀ ਨਿਮਰਤਾ ਨਾਲ ਹਰ ਆਉਣ ਵਾਲੇ ਦੀ ਸੇਵਾ ਕੀਤੀ, ਜਿਸ ਨਾਲ ਸਮਾਗਮ ਦੀ ਮਹਿਮਾ ਹੋਰ ਵੱਧ ਗਈ। ਰਾਤ ਕਰੀਬ 12 ਵਜੇ ਮਧੂ ਦੇਵਾ ਜੀ ਅਤੇ ਪੰਡਾਲ ਵਿਚ ਬੈਠੀਆਂ ਕੰਜਕਾਂ ਵੱਲੋਂ ਮਾਂ ਦੇ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ, ਜੋ ਬਾਅਦ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਦਰਜਨਾਂ ਕੰਜਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਤੋਹਫ਼ੇ ਵੀ ਦਿੱਤੇ ਗਏ। ਆਖਿਰ ਵਿੱਚ ਮਾਂ ਦੀ ਆਰਤੀ ਕਰਕੇ ਚੌਂਕੀ ਦੀ ਸਮਾਪਤੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਭਾ ਦੇ ਆਗੂ ਅਨਿਲ ਕੁੱਕੜ ਨੇ ਦੱਸਿਆ ਕਿ ਮਾਂ ਦੀ ਇਹ ਚੌਂਕੀ ਬਾਜ਼ਾਰ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰੇ, ਸੇਵਾ ਭਾਵਨਾ ਅਤੇ ਆਧਿਆਤਮਿਕਤਾ ਨੂੰ ਮਜ਼ਬੂਤ ਕਰਦੇ ਹਨ। ਸੰਗਤਾਂ ਨੇ ਵੀ ਇਸ ਭਵਿਆ ਆਯੋਜਨ ਲਈ ਸੇਵਾ ਸੰਘ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਮਾਂ ਚਿੰਤਪੁਰਨੀ ਅੱਗੇ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਹੈਪੀ ਨਰੂਲਾ, ਟਿੰਕੂ ਖਰਾਣਾ, ਮਨੋਜ ਕੁਮਾਰ, ਸੰਦੀਪ ਡੋਡਾ, ਭੋਲਾ ਗਿਰਧਰ, ਬਿੱਟੂ ਗੁਲਾਟੀ, ਬਬਲੀ ਤੁਲੀ, ਸੇਵਾਦਾਰਾਂ ਨੇ ਵੀ ਸੇਵਾ ਕਰਕੇ ਆਪਣੀ ਜਿੰਮੇਵਾਰੀ ਨੂੰ ਨਿਭਾਇਆ