ਅਰੋੜਾ ਕਲਾਸਿਸ ਦੀ ਪੀਐਸਟੀਈਟੀ ਮੈਰਾਥਨ ਕਲਾਸ ’ਚ ਹਜ਼ਾਰ ਤੋਂ ਵੱਧ ਵਿਦਿਆਰਥੀ ਹੋਏ ਸ਼ਾਮਲ
ਅਰੋੜਾ ਕਲਾਸਿਸ ਦੀ ਪੀਐਸਟੀਈਟੀ ਮੈਰਾਥਨ ਕਲਾਸ ਵਿੱਚ 1000 ਤੋਂ ਵੱਧ ਵਿਦਿਆਰਥੀਆਂ ਨੇ ਹਿਸਾ ਲਿਆ
Publish Date: Sat, 21 Feb 2026 05:01 PM (IST)
Updated Date: Sat, 21 Feb 2026 05:03 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਖੇਤਰ ਦੇ ਵਿਦਿਆਰਥੀਆਂ ਨੂੰ ਸਰਕਾਰੀ ਅਧਿਆਪਕ ਬਣਨ ਦੇ ਸੁਪਨੇ ਦੇ ਨੇੜੇ ਲਿਆਉਣ ਲਈ ਲਾਲਾ ਜਗਤ ਨਾਰਾਇਣ ਐਜੂਕੇਸ਼ਨ ਕਾਲਜ ਵਿੱਚ ਇੱਕ ਵਿਸ਼ਾਲ ਵਿਦਿਅਕ ਸਮਾਗਮ ਕਰਵਾਇਆ ਗਿਆ। ਅਰੋੜਾ ਕਲਾਸਿਸ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਪੀਐਸਟੀਈਟੀ ਮੈਰਾਥਨ ਕਲਾਸ ਵਿੱਚ ਜਲਾਲਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ 1000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀਖਿਆ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਸੀ। ਮੈਰਾਥਨ ਕਲਾਸ ਦੌਰਾਨ ਮਨੋਵਿਗਿਆਨ ਵਿਸ਼ੇ ਦੇ ਮਾਹਿਰ ਅਧਿਆਪਕ ਅਸਮ ਨੇ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਤੇ ਡੂੰਘੀ ਅਗਵਾਈ ਕੀਤੀ। ਉਨ੍ਹਾਂ ਨੇ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਦਾ ਵਿਸ਼ਲੇਸ਼ਣ ਕਰਦਿਆਂ ਦੱਸਿਆ ਕਿ ਕਿਵੇਂ ਸਹੀ ਸਮਾਂ ਪ੍ਰਬੰਧਨ ਨਾਲ ਪ੍ਰੀਖਿਆ ਵਿੱਚ ਬਿਹਤਰ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ। ਉੱਥੇ ਹੀ, ਅੰਗਰੇਜ਼ੀ ਵਿਸ਼ੇ ਦੀ ਮਾਹਿਰ ਮੈਡਮ ਈਸ਼ਾ ਸ਼ਰਮਾ ਨੇ ਵਿਆਕਰਣ, ਵੋਕੈਬਲਰੀ ਅਤੇ ਰੀਡਿੰਗ ਕੰਪਰੀਹੈਂਸ਼ਨ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਬਜਾਏ ਸੰਕਲਪਾਂ ਨੂੰ ਸਮਝਣ ਅਤੇ ਨਿਯਮਤ ਅਭਿਆਸ ਕਰਨ ਦੀ ਸਲਾਹ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਅਨੇਜਾ ਨੇ ਅਰੋੜਾ ਕਲਾਸਿਸ ਦੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਹਮੇਸ਼ਾ ਅਜਿਹੇ ਸਾਰਥਕ ਯਤਨ ਕਰਦਾ ਰਹੇਗਾ। ਪ੍ਰਿੰਸੀਪਲ ਡਾ. ਨੀਤੀਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸ਼ਾਸਨ ਅਤੇ ਸਹੀ ਦਿਸ਼ਾ ਵਿੱਚ ਕੀਤੀ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਨ ਨਾਲ ਉਨ੍ਹਾਂ ਦੀਆਂ ਕਈ ਸ਼ੰਕਾਵਾਂ ਦੂਰ ਹੋਈਆਂ ਹਨ।