ਜਲਾਲਾਬਾਦ ਲਈ 40.82 ਕਰੋੜ ਦਾ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਮਨਜ਼ੂਰ : ਵਿਧਾਇਕ ਗੋਲਡੀ
ਜਲਾਲਾਬਾਦ ਲਈ 40.82 ਕਰੋੜ ਦਾ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਮਨਜ਼ੂਰ:ਵਿਧਾਇਕ ਜਗਦੀਪ ਕੰਬੋਜ ਗੋਲਡੀ
Publish Date: Mon, 04 May 2026 05:27 PM (IST)
Updated Date: Mon, 04 May 2026 05:29 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਹਲਕੇ ਦੇ ਲੋਕਾਂ ਲਈ ਇਕ ਵੱਡਾ ਤੋਹਫਾ ਦਿੰਦਿਆਂ 40 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਮਨਜ਼ੂਰ ਕਰ ਦਿੱਤਾ ਗਿਆ ਹੈ। ਇਹ ਇਤਿਹਾਸਕ ਪ੍ਰਾਜੈਕਟ ਇਲਾਕੇ ਵਿੱਚ ਸਾਫ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਪੱਕਾ ਹੱਲ ਸਾਬਤ ਹੋਵੇਗਾ। ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਵਾਟਰ ਟਰੀਟਮੈਂਟ ਪਲਾਟ ਲਗਾਉਣ ਲਈ ਟੈਂਡਰ ਹੋ ਗਿਆ ਹੈ ਤੇ ਇਹ 15 ਕੁ ਦਿਨਾਂ ਤੱਕ ਖੁਲ੍ਹ ਜਾਵੇਗਾ ਤੇ ਫਿਰ ਉਸਤੋਂ 1 ਮਹੀਨੇ ਦੇ ਅੰਤਰਾਲ ਵਿੱਚ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਸ ਵਾਟਰ ਟਰੀਟਮੈਂਟ ਪਲਾਟ ਲਗਾਉਣ ਲਈ ਜਗ੍ਹਾਂ ਦੀ ਖਰੀਦ ਕੀਤੀ ਗਈ ਜੋ ਕਿ ਲਗਭਗ 5 ਕਰੋੜ 40 ਲੱਖ ਨਾਲ ਖਰੀਦੀ ਗਈ ਤੇ ਹੁਣ ਇਸ ਪਲਾਟ ਲਈ 35 ਕਰੋੜ 42 ਲੱਖ ਹੋਰ ਪਾਸ ਕਰ ਦਿੱਤਾ ਗਿਆ ਹੈ ਤੇ ਕੁੱਲ ਇਸ ਪ੍ਰਾਜੈਕਟ ਲਈ 40 ਕਰੋੜ 82 ਲੱਖ ਰੁਪਏ ਖਰਚੇ ਜਾਣਗੇ। ਇਹ ਵਾਟਰ ਟਰੀਟਮੈਂਟ ਪਲਾਂਟ ਨਵੀਨਤਮ ਤਕਨੀਕ ਨਾਲ ਲੈਸ ਹੋਵੇਗਾ, ਜਿਸ ਨਾਲ ਪਾਣੀ ਵਿੱਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ। ਇਹ ਪ੍ਰੋਜੈਕਟ ਖਾਸ ਤੌਰ ’ਤੇ ਉਹਨਾਂ ਖੇਤਰਾਂ ਲਈ ਲਾਭਕਾਰੀ ਸਾਬਤ ਹੋਵੇਗਾ ਜਿੱਥੇ ਪਾਣੀ ਦੀ ਗੁਣਵੱਤਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪਾਣੀ ਦੇ ਸਟੋਰੇਜ, ਫਿਲਟਰੇਸ਼ਨ ਅਤੇ ਸਪਲਾਈ ਦੇ ਪੂਰੇ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਾਲਾਬਾਦ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਲਾਂ ਪੰਜਾਬ ਸਰਕਾਰ ਵੱਲੋਂ ਜੋ 223 ਪਿੰਡਾਂ ਨੂੰ ਸਾਫ ਪਾਣੀ ਪੀਣ ਯੋਗ ਦੇਣ ਲਈ ਘੱਟਿਆਵਾਲੀ ਵਿਖੇ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ ਉਹ ਵੀ ਲਗਭਗ 2 ਮਹੀਨੇ ਵਿੱਚ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਅਰਨੀਵਾਲਾ ਵਾਟਰ ਵਰਕਸ ਪਲਾਟ ਵੀ ਉਸਾਰਿਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਜਿਨ੍ਹਾਂ ਸੂਬੇ ਦਾ ਵਿਕਾਸ ਹੋਇਆ ਹੈ ਉਹ ਹੋਰ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਲਈ ਉਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਤਹਿ ਦਿਲੋਂ ਧੰਨਵਾਦੀ ਹਨ।