ਮੰਡੀ ਅਰਨੀਵਾਲਾ ’ਚ ਸੀਵਰੇਜ ਸਿਸਟਮ ਲਈ 21.39 ਕਰੋੜ ਜਾਰੀ
ਮੰਡੀ ਅਰਨੀਵਾਲਾ ਵਿੱਚ ਪਵੇਗਾ ਆਧੁਨਿਕ ਸੀਵਰੇਜ ਸਿਸਟਮ
Publish Date: Fri, 08 May 2026 03:41 PM (IST)
Updated Date: Fri, 08 May 2026 03:41 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ‘ਦੱਸ ਦਿਨ, ਦੱਸ ਵੱਡੇ ਐਲਾਨ’ ਮੁਹਿੰਮ ਦੇ ਚੌਥੇ ਦਿਨ ਮੰਡੀ ਅਰਨੀਵਾਲਾ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੰਡੀ ਅਰਨੀਵਾਲਾ ਵਿੱਚ ਆਧੁਨਿਕ ਸੀਵਰੇਜ ਸਿਸਟਮ ਲਈ ਐੱਸਡੀਐੱਮ ਸਕੀਮ ਤਹਿਤ 21 ਕਰੋੜ 39 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਟੈਂਡਰ ਜਾਰੀ ਹੋ ਚੁੱਕਾ ਹੈ ਅਤੇ ਆਉਣ ਵਾਲੇ ਕਰੀਬ 15 ਦਿਨਾਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਮੰਡੀ ਅਰਨੀਵਾਲਾ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਅਰਨੀਵਾਲਾ ਲਈ 5 ਕਰੋੜ ਰੁਪਏ ਅਤੇ ਬਾਅਦ ਵਿੱਚ 13 ਕਰੋੜ ਤੋਂ ਵੱਧ ਦੀ ਰਕਮ ਜਾਰੀ ਕੀਤੀ ਗਈ ਸੀ। ਹੁਣ 21 ਕਰੋੜ 39 ਲੱਖ ਰੁਪਏ ਦੀ ਨਵੀਂ ਮੰਜੂਰੀ ਨਾਲ ਪੂਰੇ ਇਲਾਕੇ ਵਿੱਚ ਆਧੁਨਿਕ ਸੀਵਰੇਜ ਪ੍ਰਣਾਲੀ ਬਿਛਾਈ ਜਾਵੇਗੀ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹਲਕੇ ਵਿੱਚ ਬਿਨਾਂ ਕਿਸੇ ਪਾਰਟੀਬਾਜ਼ੀ ਜਾਂ ਭੇਦਭਾਵ ਤੋਂ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਵਿੱਚ ਸੜਕਾਂ ਦੇ ਸੁੰਦਰੀਕਰਨ, ਸਿਹਤ ਸਹੂਲਤਾਂ ਦੇ ਵਿਸਥਾਰ, ਸੀਵਰੇਜ ਸਮੱਸਿਆ ਦੇ ਹੱਲ, ਪਾਰਕਾਂ ਅਤੇ ਸਟੇਡੀਅਮਾਂ ਸਮੇਤ ਕਈ ਵਿਕਾਸੀ ਕੰਮ ਜਾਰੀ ਹਨ।