ਮੋਬਾਇਲ ਤੇ ਕੰਪਿਊਟਰ ਦੀ ਆਦਤ ਬਣੀ ਸਰਵਾਈਕਲ ਬਿਮਾਰੀ ਦਾ ਵੱਡਾ ਕਾਰਨ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਅੱਖ ਖੁੱਲਦੇ ਹੀ ਮੋਬਾਇਲ ਫੋਨ, ਦਫ਼ਤਰ ਵਿਚ ਘੰਟਿਆਂ ਬੱਧੀ ਕੰਪਿਊਟਰ ਦੇ ਸਾਹਮਣੇ ਕੰਮ ਕਰਨਾ ਅਤੇ ਰਾਤ ਨੂੰ ਲੇਟਦੇ ਜਾਂ ਬੈਠੇ ਟੀਵੀ ਦੇਖਣਾ। ਜੇਕਰ ਤੁਹਾਡੀ ਰੋਜ਼ਾਨਾ ਦੀ ਰੁਟੀਨ ਇਸ ਤੱਕ ਸੀਮਤ ਹੈ ਅਤੇ ਤੁਹਾਨੂੰ ਗਰਦਨ ਦੇ ਪਿਛਲੇ ਹਿੱਸੇ ਵਿੱਚ ਲਗਾਤਾਰ ਦਰਦ, ਮੋਢਿਆਂ ਵਿਚ ਅਕੜਾਅ ਜਾਂ ਜਕੜਾਅ ਦਾ ਅਨੁਭਵ ਹੁੰਦਾ ਹੈ, ਤਾਂ ਇਹ ਸਰਵਾਈਕਲ ਦਾ ਸ਼ੁਰੂਆਤੀ ਚਿਤਾਵਨੀ ਸੰਕੇਤ ਹੈ। ਇਸ ਨੂੰ ਨਜ਼ਰਅੰਦਾਜ਼ ਕਰਨਾ ਭਵਿੱਖ ਵਿਚ ਮਹਿੰਗਾ ਸਾਬਤ ਹੋ ਸਕਦਾ ਹੈ। ਜੋਤ ਸੁਪਰ ਸਪੈਸ਼ਲਿਟੀ ਹਸਪਤਾਲ ਜ਼ੀਰਾ ਦੀ ਓਪੀਡੀ ਵਿਚ ਸਰਵਾਈਕਲ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ। ਜੋਤ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾ. ਰਾਹੁਲ ਸਾਰੰਗਲ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਮੋਬਾਈਲ ਫੋਨ ਜਾਂ ਕੰਪਿਊਟਰ ’ਤੇ ਝੁਕ ਕੇ ਕੰਮ ਕਰਨਾ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਹੈ। ਹੁਣ ਘੱਟ ਉਮਰ ਦੇ ਮਰੀਜ਼ ਵੀ ਗਰਦਨ, ਮੋਢਿਆਂ ਅਤੇ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਦਰਦ ਅਤੇ ਜਕੜਾਅ ਦੀ ਸ਼ਿਕਾਇਤ ਕਰਦੇ ਹੋਏ ਹਸਪਤਾਲ ਆ ਰਹੇ ਹਨ।
ਲੰਬੇ ਸਮੇਂ ਤੱਕ ਇੱਕੋ ਸਥਿਤੀ ’ਚ ਨਾ ਬੈਠੋ
ਡਾ. ਰਾਹੁਲ ਸਾਰੰਗਲ ਨੇ ਸਮਝਾਇਆ ਕਿ ਸਰਵਾਈਕਲ ਸਮੱਸਿਆਵਾਂ ਉਦੋਂ ਹੁੰਦੀਆਂ ਹਨ ਜਦੋਂ ਗਰਦਨ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਗਲਤ ਆਸਣ ਜਾਂ ਇੱਕੋ ਸਥਿਤੀ ਵਿਚ ਬੈਠਣ ਕਾਰਨ ਲਗਾਤਾਰ ਤਣਾਅ ਵਿਚ ਰਹਿੰਦੀਆਂ ਹਨ। ਮੋਬਾਇਲ ਫੋਨ ਵੱਲ ਲੰਬੇ ਸਮੇਂ ਤੱਕ ਦੇਖਣ ਜਾਂ ਲੈਪਟਾਪ ’ਤੇ ਕੰਮ ਕਰਨ ਨਾਲ ਗਰਦਨ ਅੱਗੇ ਵੱਲ ਝੁਕ ਸਕਦੀ ਹੈ, ਮਾਸਪੇਸ਼ੀਆਂ ਵਿਚ ਤਣਾਅ ਵੱਧ ਸਕਦਾ ਹੈ ਅਤੇ ਦਰਦ ਹੋ ਸਕਦਾ ਹੈ। ਸਰਵਾਈਕਲ ਰੀੜ੍ਹ ਦੀ ਹੱਡੀ ਗਰਦਨ ਦੀਆਂ ਹੱਡੀਆਂ ਦਾ ਉਹ ਹਿੱਸਾ ਹੈ ਜੋ ਸਿਰ ਨੂੰ ਸਹਾਰਾ ਦਿੰਦਾ ਹੈ। ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿਚ ਬੈਠਣਾ, ਸਰੀਰਕ ਗਤੀਵਿਧੀ ਦੀ ਘਾਟ, ਤਣਾਅ ਅਤੇ ਨੀਂਦ ਦੀ ਘਾਟ ਇਸ ਖੇਤਰ ’ਤੇ ਵਧੇਰੇ ਦਬਾਅ ਪਾਉਂਦੀ ਹੈ।
ਵਿਦਿਆਰਥੀ, ਕਰਮਚਾਰੀ ਤੇ ਕਾਲ ਸੈਂਟਰ ਵਰਕਰ ਵੱਧ ਪ੍ਰਭਾਵਿਤ
ਵਿਦਿਆਰਥੀ, ਦਫਤਰੀ ਕਰਮਚਾਰੀ, ਕਾਲ ਸੈਂਟਰ ਵਰਕਰ ਅਤੇ ਨੌਜਵਾਨ ਜੋ ਲੰਬੇ ਸਮੇਂ ਤੱਕ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ, ਹਸਪਤਾਲ ਆਉਣ ਵਾਲੇ ਸਭ ਤੋਂ ਆਮ ਮਰੀਜ਼ ਹਨ। ਇਸ ਤੋਂ ਇਲਾਵਾ, ਤਣਾਅ ਵਾਲੇ ਵਿਅਕਤੀ ਗਰਦਨ ਅਤੇ ਮੋਢਿਆਂ ਦੀ ਜਕੜਨ ਦੀ ਵੀ ਸ਼ਿਕਾਇਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਰੋਜ਼ਾਨਾ ਓਪੀਡੀ ਵਿਚ ਆਉਣ ਵਾਲੇ 20 ਪ੍ਰਤੀਸ਼ਤ ਮਰੀਜ਼ ਸਰਵਾਈਕਲ ਸਮੱਸਿਆਵਾਂ ਤੋਂ ਪੀੜਤ ਹਨ। ਡਾ. ਰਾਹੁਲ ਸਾਰੰਗਲ ਨੇ ਦੱਸਿਆ ਕਿ ਸ਼ੁਰੂਆਤੀ ਪੜਾਵਾਂ ਵਿਚ, ਸਹੀ ਆਸਣ, ਨਿਯਮਤ ਬ੍ਰੇਕ, ਹਲਕੇ ਖਿੱਚਣ ਵਾਲੇ ਅਭਿਆਸ ਅਤੇ ਫਿਜ਼ੀਓਥੈਰੇਪੀ ਰਾਹਤ ਪ੍ਰਦਾਨ ਕਰ ਸਕਦੇ ਹਨ। ਲੋੜ ਪੈਣ ’ਤੇ ਦਵਾਈਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕੀ ਹਰ 30- 40 ਮਿੰਟ ਵਿਚ ਮਿੰਟ ਵਿਚ ਸਕਰੀਨ ਤੋਂ ਨਜ਼ਰ ਹਟਾ ਕੇ ਗਰਦਨ ਨੂੰ ਆਰਾਮ ਦਿਓ।
ਜੇਕਰ ਇਹ ਹਨ ਲੱਛਣ ਤਾਂ ਲਓ ਡਾਕਟਰੀ ਸਲਾਹ
ਗਰਦਨ ਦੇ ਪਿਛਲੇ ਹਿੱਸੇ ਵਿਚ ਦਰਦ, ਮੋਢਿਆਂ ਵਿੱਚ ਅਕੜਾਅ, ਹੱਥਾਂ ਵਿਚ ਝਨਝਨ, ਸਿਰ ਦਰਦ ਅਤੇ ਚੱਕਰ ਆਉਣੇ, ਨੀਂਦ ਆਉਣ ਵਿਚ ਮੁਸ਼ਕਲ ਹਨ।