ਖੇਡ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਤਰਜੀਹ : ਵਿਧਾਇਕ ਸਵਨਾ
ਫਾਜ਼ਿਲਕਾ ਵਿੱਚ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਧਾਇਕ ਸਵਨਾ ਨੇ ਕੀਤੀ
Publish Date: Fri, 01 May 2026 05:31 PM (IST)
Updated Date: Fri, 01 May 2026 05:32 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸ਼ਹਿਰ ਦੇ ਰੀਕ੍ਰਿਏਸ਼ਨ ਕਲੱਬ ਫਾਜ਼ਿਲਕਾ ਵਿੱਚ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦਾ ਉਦਘਾਟਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਵੀ ਰਿਬਨ ਕੱਟ ਕੇ ਸਾਂਝੇ ਤੌਰ ਤੇ ਸ਼ੁਰੂਆਤ ਕੀਤੀ। ਇਸ ਮੌਕੇ ਫਾਜ਼ਿਲਕਾ ਪ੍ਰੈੱਸ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਦੂਰੇਜਾ, ਕਾਰਜਕਾਰੀ ਪ੍ਰਧਾਨ ਜਿਲੇਸ਼ ਲੱਕੀ ਠਠਈ, ਕਲੱਬ ਸਕੱਤਰ ਅਸ਼ੋਕ ਕਾਮਰਾ, ਕੈਸ਼ੀਅਰ ਬਿੱਟਾ ਨਾਗਪਾਲ, ਉਪ ਪ੍ਰਧਾਨ ਅਰਵਿੰਦਰ ਸਿੰਘ ਰੂਬੀ ਕਠਪਾਲ ਸਮੇਤ ਕਈ ਗਣਮਾਨਯ ਵਿਅਕਤੀ ਹਾਜ਼ਰ ਸਨ। ਵਿਧਾਇਕ ਸਵਨਾ ਨੇ ਕਿਹਾ ਕਿ ਇਸ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਖੇਡ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਸਰਕਾਰ ਦੀ ਤਰਜੀਹ ਹੈ। ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਤੈਰਾਕੀ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਇਹ ਆਤਮ-ਵਿਸ਼ਵਾਸ ਵਧਾਉਣ ਵਿੱਚ ਵੀ ਸਹਾਇਕ ਹੈ। ਇਸ ਪੂਲ ਰਾਹੀਂ ਬੱਚਿਆਂ, ਔਰਤਾਂ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਮਿਲੇਗਾ। ਸਵਿਮਿੰਗ ਪੂਲ ਦੇ ਸੰਚਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਇਸ ਸੈਸ਼ਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਵਰਗਾਂ ਲਈ ਅਲੱਗ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਤਜਰਬੇਕਾਰ ਕੋਚਾਂ ਦੀ ਵੀ ਵਿਵਸਥਾ ਹੈ। ਕਲੱਬ ਸਕੱਤਰ ਅਸ਼ੋਕ ਕਾਮਰਾ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸੁਰੱਖਿਆ ਅਤੇ ਸਹੂਲਤਾਂ ਤੇ ਖਾਸ ਧਿਆਨ ਦਿੱਤਾ ਗਿਆ ਹੈ। ਨੈਸ਼ਨਲ ਲੈਵਲ ਦੇ ਹਾਫ ਓਲੰਪਿਕ ਸਾਈਜ਼ (12.6 ਮੀਟਰ × 25 ਮੀਟਰ) ਦੇ ਇਸ ਪੂਲ ਵਿੱਚ ਪਹਿਲਾਂ ਵੀ ਕਈ ਖਿਡਾਰੀ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਈ ਹੈ। ਉਦਘਾਟਨ ਨਾਲ ਹੀ ਸ਼ਹਿਰ ਵਾਸੀਆਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।ਇਹ ਸਵਿਮਿੰਗ ਪੂਲ ਨਾ ਸਿਰਫ਼ ਮਨੋਰੰਜਨ ਦਾ ਕੇਂਦਰ ਬਣੇਗਾ, ਸਗੋਂ ਫਾਜ਼ਿਲਕਾ ਵਿੱਚ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।