ਕੂੜੇ ਦੇ ਡੰਪ ’ਤੇ ਬੈਠੇ ਵਿਧਾਇਕ ਸੰਦੀਪ ਜਾਖੜ ਨੇ ਸਰਕਾਰ ਨੂੰ ਘੇਰਿਆ, ਸਫਾਈ ਪ੍ਰਣਾਲੀ ਵਿਗੜਣ ਅਤੇ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਚੁੱਕੇ ਸਵਾਲ
ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਵਿੱਚ ਵਿਗੜ ਰਹੀ ਸਫਾਈ ਪ੍ਰਣਾਲੀ ਅਤੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਸਥਾਨਕ ਮੁੱਖ ਡਾਕਘਰ ਨੇੜੇ ਪਏ ਕੂੜੇ ਦੇ ਡੰਪ ਦਾ ਦੌਰਾ ਕਰਕੇ ਉੱਥੇ ਬਣੀ ਗੰਭੀਰ ਸਥਿਤੀ ’ਤੇ ਚਿੰਤਾ ਜਤਾਈ।
Publish Date: Fri, 15 May 2026 05:48 PM (IST)
Updated Date: Fri, 15 May 2026 05:50 PM (IST)
ਸਟਾਫ ਰਿਪੋਰਟ.ਪੰਜਾਬੀ ਜਾਗਰਣ,ਫਾਜ਼ਿਲਕਾ : ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਵਿੱਚ ਵਿਗੜ ਰਹੀ ਸਫਾਈ ਪ੍ਰਣਾਲੀ ਅਤੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਸਥਾਨਕ ਮੁੱਖ ਡਾਕਘਰ ਨੇੜੇ ਪਏ ਕੂੜੇ ਦੇ ਡੰਪ ਦਾ ਦੌਰਾ ਕਰਕੇ ਉੱਥੇ ਬਣੀ ਗੰਭੀਰ ਸਥਿਤੀ ’ਤੇ ਚਿੰਤਾ ਜਤਾਈ।
ਵਿਧਾਇਕ ਜਾਖੜ ਨੇ ਕਿਹਾ ਕਿ ਇਹ ਸਮੱਸਿਆ ਸਿਰਫ ਅਬੋਹਰ ਤੱਕ ਸੀਮਤ ਨਹੀਂ ਰਹੀ, ਸਗੋਂ ਪੰਜਾਬ ਭਰ ਵਿੱਚ ਸਫਾਈ ਪ੍ਰਣਾਲੀ “ਵੈਂਟੀਲੇਟਰ ਸਪੋਰਟ” ’ਤੇ ਚੱਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਕਾਰਨ ਪੂਰਾ ਸੂਬਾ ਗੰਦਗੀ ਅਤੇ ਬਦਬੂ ਦੀ ਚਪੇਟ ਵਿੱਚ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਲੋਕਾਂ ਨੂੰ ਮਹਾਂਮਾਰੀਆਂ ਦੇ ਖਤਰੇ ਵੱਲ ਧੱਕਣਾ ਹੀ ਸਰਕਾਰ ਦਾ ਵਿਕਾਸ ਮਾਡਲ ਹੈ।
ਸੰਦੀਪ ਜਾਖੜ ਨੇ ਮੁੱਖ ਡਾਕਘਰ ਵਰਗੇ ਮਹੱਤਵਪੂਰਨ ਸਥਾਨ ਦੀ ਹਾਲਤ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇੱਥੇ ਰੋਜ਼ਾਨਾ ਬਜ਼ੁਰਗ, ਔਰਤਾਂ ਅਤੇ ਬੱਚੇ ਆਉਂਦੇ ਹਨ, ਪਰ ਕੂੜੇ ਦੇ ਢੇਰਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 10 ਦਿਨਾਂ ਤੋਂ ਇਸ ਡੰਪ ਤੋਂ ਕੂੜੇ ਦੀ ਇੱਕ ਵੀ ਟਰਾਲੀ ਨਹੀਂ ਚੁੱਕੀ ਗਈ, ਜਿਸ ਕਾਰਨ ਗੰਦਗੀ ਨੇੜਲੇ ਘਰਾਂ ਅਤੇ ਦੁਕਾਨਾਂ ਤੱਕ ਫੈਲ ਰਹੀ ਹੈ। ਸਥਾਨਕ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ।ਮੌਜੂਦਾ ਹਾਲਾਤ ਦੀ ਤੁਲਨਾ ਪਿਛਲੀਆਂ ਹੜਤਾਲਾਂ ਨਾਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਵੱਲੋਂ ਜਲਦੀ ਗੱਲਬਾਤ ਕਰਕੇ ਹੱਲ ਕੱਢਿਆ ਜਾਂਦਾ ਸੀ, ਪਰ ਹੁਣ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਦੀ ਘਾਟ ਸਪੱਸ਼ਟ ਦਿਖਾਈ ਦੇ ਰਹੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਮੰਤਰੀ ਸਿਰਫ ਪ੍ਰੈਸ ਨੋਟ ਜਾਰੀ ਕਰਨ ਵਿੱਚ ਰੁੱਝੇ ਹੋਏ ਹਨ, ਜਦਕਿ ਜ਼ਮੀਨੀ ਪੱਧਰ ’ਤੇ ਲੋਕ ਅਤੇ ਸਫਾਈ ਕਰਮਚਾਰੀ ਦੋਵੇਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।