ਕੋਸਕੋ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਵਿਧਾਇਕ ਸੰਦੀਪ ਜਾਖੜ ਨੇ ਕੀਤਾ ਸਨਮਾਨਿਤ
ਕੋਸਕੋ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਵਿਧਾਇਕ ਸੰਦੀਪ ਜਾਖੜ ਨੇ ਕੀਤਾ ਸਨਮਾਨਿਤ
Publish Date: Mon, 27 Apr 2026 03:39 PM (IST)
Updated Date: Mon, 27 Apr 2026 03:43 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਜਾਖੜ ਟਰੱਸਟ ਵੱਲੋਂ ਆਯੋਜਿਤ ਕੋਸਕੋ ਕ੍ਰਿਕਟ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਹੋਇਆ। ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਸੰਦੀਪ ਜਾਖੜ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਫਾਈਨਲ ਮੈਚ ਵਿੱਚ ਪਿੰਡ ਸੀਤੋਂ ਤੇ ਪਿੰਡ ਭਾਗੂ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਟੱਕਰ ਦੇਖਣ ਨੂੰ ਮਿਲੀ।ਪੁਨੀਤ ਅਰੋੜਾ ਸੋਨੂੰ ਅਤੇ ਅਨਿਲ ਬਿਸ਼ਨੋਈ ਨੇ ਦੱਸਿਆ ਕਿ ਸੀਟੋ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ ਛੇ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 92 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਜਵਾਬ ਵਿੱਚ ਭਾਗੂ ਦੀ ਟੀਮ ਨੇ ਹਮਲਾਵਰ ਰੁਖ ਅਪਣਾਇਆ ਅਤੇ ਆਖਰੀ ਗੇਂਦ ਤੱਕ ਸੰਘਰਸ਼ ਕਰਦਿਆਂ 5.5 ਓਵਰਾਂ ਵਿੱਚ 93 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਭਾਗੂ ਦੀ ਟੀਮ ਨੇ ਚੈਂਪੀਅਨਸ਼ਿਪ ਟਰਾਫੀ ‘ਤੇ ਕਬਜ਼ਾ ਕਰ ਲਿਆ, ਜਦਕਿ ਸੀਟੋ ਦੀ ਟੀਮ ਉਪ ਜੇਤੂ ਰਹੀ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਅੱਜ ਮੈਦਾਨ ਵਿੱਚ ਨੌਜਵਾਨਾਂ ਦਾ ਉਤਸ਼ਾਹ ਅਤੇ ਖੇਡਾਂ ਪ੍ਰਤੀ ਜਨੂੰਨ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਸਿਰਫ਼ ਖੇਡ ਨਹੀਂ, ਸਗੋਂ ਨੌਜਵਾਨਾਂ ਦੀ ਊਰਜਾ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਾਖੜ ਟਰੱਸਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਨਾ ਹੈ। ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਜੇਤੂ ਟੀਮ ਭਾਗੂ ਨੂੰ 1 ਲੱਖ ਨਕਦ ਇਨਾਮ ਅਤੇ ਸ਼ਾਨਦਾਰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਜੇਤੂ ਟੀਮ ਨੂੰ ₹51 ਹਜ਼ਾਰ ਅਤੇ ਟਰਾਫੀ ਭੇਟ ਕੀਤੀ ਗਈ। ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਸ਼ਾਲ ਨੂੰ “ਮੈਨ ਆਫ਼ ਦ ਸੀਰੀਜ਼” ਚੁਣਿਆ ਗਿਆ ਅਤੇ ਉਸ ਨੂੰ 5,100 ਦਾ ਨਕਦ ਇਨਾਮ ਦਿੱਤਾ ਗਿਆ। ਸਾਹਿਲ ਨੂੰ ਸਰਬੋਤਮ ਬੱਲੇਬਾਜ਼ ਅਤੇ ਅਸ਼ੋਕ ਨੂੰ ਸਰਬੋਤਮ ਗੇਂਦਬਾਜ਼ ਚੁਣਿਆ ਗਿਆ, ਜਿਨ੍ਹਾਂ ਨੂੰ 2,100- 2,100 ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।