ਵਿਧਾਇਕ ਰਣਬੀਰ ਭੁੱਲਰ ਨੇ ਪਾਣੀ ਦੇ ਟੈਂਕਰ/ਅੱਗ ਬੁਝਾਊ ਪੰਪ ਮੁਹੱਈਆ ਕਰਵਾਏ
ਵਿਧਾਇਕ ਰਣਬੀਰ ਭੁੱਲਰ ਵੱਲੋਂ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪਾਣੀ ਦੇ ਟੈਂਕਰ/ਅੱਗ ਬੁਝਾਊ
Publish Date: Mon, 27 Apr 2026 05:43 PM (IST)
Updated Date: Mon, 27 Apr 2026 05:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਫਿਰੋਜ਼ਪੁਰ ਤੋਂ ਬਲਾਕ ਅਧੀਨ ਆਉਂਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਜਿਵੇਂ ਕਿ ਉਲਾ ਕੇ, ਗੁਲਾਮ ਹੁਸੈਨ ਵਾਲਾ ਆਦਿ ਲਈ ਸਾਫ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪਾਣੀ ਦੇ ਟੈਂਕਰ ਅਤੇ ਅੱਗ ਬੁਝਾਊ ਪੰਪ ਮੁਹੱਈਆ ਕਰਵਾਏ ਗਏ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਸਾਫ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਅਤੇ ਅੱਗ ਜਿਹੀਆਂ ਅਚਾਨਕ ਘਟਨਾਵਾਂ ਨਾਲ ਨਜਿੱਠਣ ਲਈ ਇਹ ਉਪਰਾਲਾ ਕਾਫੀ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਪਿੰਡਾਂ ਦੀਆਂ ਜਰੂਰਤਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਤਹਿਤ ਪਾਣੀ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਇਸ ਮੌਕੇ ਹਿਮਾਂਸ਼ੂ ਠੱਕਰ, ਰਾਜ ਬਹਾਦੁਰ ਸਿੰਘ ਗਿੱਲ, ਨੇਕ ਪ੍ਰਤਾਪ ਸਿੰਘ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ ਫ਼ਿਰੋਜ਼ਪੁਰ, ਸੁਖਚੈਨ ਸਿੰਘ ਖਾਈ ਮੈਂਬਰ ਬਲੋਕ ਸੰਮਤੀ ਫਿਰੋਜ਼ਪੁਰ ਪ੍ਰਤਾਪ ਸਿੰਘ ਬੀਡੀਪੀਓ, ਮਲਕੀਤ ਸਿੰਘ ਸਰਪੰਚ, ਅਕਾਸ਼ਦੀਪ ਸਿੰਘ ਅਤੇ ਪੰਚਾਇਤ ਸੈਕਟਰੀ ਹਾਜ਼ਰ ਸਨ।