ਬਸ ਸਟੈਂਡ ਸ਼ਿਫਟ ਨਾ ਕਰਨ ਸਬੰਧੀ ਫਾਜ਼ਿਲਕਾ ਹਲਕੇ ਦਾ ਵਪਾਰੀ ਵਰਗ ਮਿਲਿਆ ਵਿਧਾਇਕ ਫਾਜ਼ਿਲਕਾ ਨੂੰ
- ਲੋਕਾਂ ਦੀ ਸਲਾਹ ਨਾਲ ਹੀ ਬੱਸ ਸਟੈਂਡ ਦੇ ਮੁੱਦੇ ਦਾ ਕੀਤਾ ਜਾਵੇਗਾ ਹੱਲ : ਸਵਨਾ
- ਲੋਕਾਂ, ਵਪਾਰੀ ਵਰਗ ਤੇ ਹੋਰ ਵਰਗਾਂ ਨੂੰ ਧਿਆਨ ’ਚ ਰੱਖ ਕੇ ਹੀ ਫੈਸਲਾ ਲਵੇਗੀ ਮੌਜੂਦਾ ਸਰਕਾਰ
ਰਮਨ ਕੁਮਾਰ, ਪੰਜਾਬੀ ਸਾਹਿਤ
ਫਾਜ਼ਿਲਕਾ : ਬੱਸ ਸਟੈਂਡ ਸ਼ਿਫਟ ਨਾ ਕਰਨ ਸਬੰਧੀ ਫਾਜ਼ਿਲਕਾ ਹਲਕੇ ਦਾ ਵਪਾਰੀ ਵਰਗ ਦਾ ਵੱਡਾ ਵਫ਼ਦ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਵਿਧਾਇਕ ਫਾਜ਼ਿਲਕਾ ਨੂੰ ਬੱਸ ਅੱਡਾ ਸ਼ਿਫਟ ਕਰਨ ਨਾਲ ਵਪਾਰੀ ਵਰਗ ਦੇ ਰੁਜ਼ਗਾਰ ਵਿਚ ਪੈਣ ਵਾਲੇ ਪ੍ਰਭਾਵ ਅਤੇ ਹੋਰ ਤੱਥਾਂ ਬਾਰੇ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਵਿਧਾਇਕ ਸਵਨਾ ਨੇ ਕਿਹਾ ਕਿ ਲੋਕਾਂ ਦੀ ਸਲਾਹ ਨਾਲ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਬੱਸ ਸਟੈਂਡ ਦੇ ਮੁੱਦੇ ਦਾ ਪੰਜਾਬ ਸਰਕਾਰ ਵੱਲੋਂ ਹੱਲ ਕੀਤਾ ਜਾਵੇਗਾ। ਵਪਾਰੀ ਵਰਗ ਨੇ ਦੱਸਦਿਆਂ ਕਿਹਾ ਕਿ ਪੁਰਾਣੇ ਬੱਸ ਸਟੈਂਡ ਦੇ ਨੇੜੇ ਰੇਲਵੇ ਸਟੇਸ਼ਨ, ਮਹਾਜਨ ਮਾਰਕੀਟ, ਸਰਕਾਰੀ ਸਕੂਲ ਲੜਕੀਆਂ ਅਤੇ ਲੜਕੇ, ਘੰਟਾ ਘਰ ਮਾਰਕੀਟ, ਉਨ ਬਾਜ਼ਾਰ ਆਦਿ ਸਾਰੇ ਬਾਜ਼ਾਰ ਹਨ, ਜਿਨ੍ਹਾਂ ਕਰ ਕੇ ਅਨੇਕਾਂ ਪਰਿਵਾਰਾਂ ਦਾ ਰੁਜ਼ਗਾਰ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਜ਼ਾਰਾਂ ਨਾਲ ਅਨੇਕਾਂ ਪਿੰਡ ਜੁੜੇ ਹਨ, ਜਿਨ੍ਹਾਂ ਨੂੰ ਆਉਣ-ਜਾਣ ਵਿਚ ਕੋਈ ਪਰੇਸ਼ਾਨੀ ਨਹੀਂ ਆਉਂਦੀ। ਸਕੂਲੀ ਵਿਦਿਆਰਥਣਾਂ/ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਜੋ ਸਿੱਧਾ ਇੱਥੇ ਹੀ ਉੱਤਰਦੇ ਹਨ ਤੇ ਨਾਲ ਹੀ ਸਕੂਲਾਂ ਨੂੰ ਚਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਬੱਸ ਸਟੈਂਡ ਸ਼ਿਫਟ ਹੁੰਦਾ ਹੈ ਤਾਂ ਜਿੱਥੇ ਦੁਕਾਨਦਾਰਾਂ ਦੇ ਰੁਜ਼ਗਾਰ ’ਤੇ ਅਸਰ ਪਵੇਗਾ, ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਹੋਵੇਗੀ। ਉੱਥੇ ਵਿਦਿਆਰਥਣਾਂ/ਵਿਦਿਆਰਥੀਆਂ ਨੂੰ ਆਉਣ-ਜਾਣ ਵਿਚ ਅਨੇਕਾਂ ਦਿੱਕਤਾਂ ਪੇਸ਼ ਆਉਣਗੀਆਂ। ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਵੀ ਪੈਦਾ ਹੋਵੇਗੀ। ਇਸ ਦੇ ਜਵਾਬ ਵਿਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਲੋਕਾਂ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀ ਸਲਾਹ ਨਾਲ ਹੀ ਬੱਸ ਸਟੈਂਡ ਦੇ ਮੁੱਦੇ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵੀ ਬੱਸ ਅੱਡੇ ਦਾ ਮੁੱਦਾ ਚੁੱਕਿਆ ਹੈ ਜਿਸ ’ਤੇ ਅਸਲ ਸੱਚਾਈ ਸਾਹਮਣੇ ਆਈ ਹੈ। ਬੱਸ ਅੱਡਾ ਬਣਾਏ ਜਾਣ ਸਮੇਂ ਟਰਾਂਸਪੋਰਟ ਵਿਭਾਗ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਅਤੇ ਨਾ ਹੀ ਕੋਈ ਗਾਈਡਲਾਈਨਾਂ ਦੀ ਪਾਲਣਾ ਕੀਤੀ ਗਈ। ਲੋਕ ਹਿੱਤਾਂ ਨੂੰ ਛਿੱਕੇ ਟੰਗ ਕੇ ਕਾਂਗਰਸ ਸਰਕਾਰ ਵੱਲੋਂ ਆਪਣਾ ਨਿੱਜੀ ਸਵਾਰਥ ਪਗਾਉਂਦਿਆਂ ਸਹੂਲਤਾਂ ਰਹਿਤ ਬੱਸ ਸਟੈਂਡ ਦੀ ਉਸਾਰੀ ਕੀਤੀ ਗਈ। ਜਿਸ ਵਿਚ ਨਾ ਤਾਂ ਪੰਪ, ਨਾ ਹੀ ਸਬ ਡਿਪੂ, ਨਾ ਹੀ ਵਰਕਸ਼ਾਪ ਹੈ ਅਤੇ ਨਾ ਹੀ ਹੋਰ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਗਿਆ।
ਵਿਧਾਨ ਸਭਾ ਸੈਸ਼ਨ ਵਿਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੂੰ ਅਧੂਰੇ ਬੱਸ ਅੱਡੇ ਦੀ ਜਾਂਚ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਬਸ ਸਟੈਂਡ ਸ਼ਿਫਟ ਕਰਨ ਜਾਂ ਨਾ ਕਰਨ ਸਬੰਧੀ ਜੋ ਵੀ ਫੈਸਲਾ ਹੋਵੇਗਾ, ਉਹ ਲੋਕਾਂ ਦੀ ਸਲਾਹ ਲੈ ਕੇ ਅਤੇ ਲੋਕ ਹਿੱਤਾ ਨੂੰ ਧਿਆਨ ਵਿਚ ਰੱਖ ਕੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅਧ-ਪਚੱਧੇ ਬੱਸ ਸਟੈਂਡ ’ਤੇ ਜਨਤਾ ਦਾ ਜੋ ਪੈਸਾ ਲੱਗਿਆ ਹੈ, ਉਸ ਦਾ ਵੀ ਕੋਈ ਨਾ ਕੋਈ ਹੱਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਲੱਗੇ।