ਤਿੰਨ ਰਾਤਾਂ ਮਿਜ਼ਾਈਲਾਂ ਗੱਜਦੀਆਂ ਰਹੀਆਂ, ਸਰਹੱਦ ਦੇ ਬਾਸ਼ਿੰਦਿਆਂ ਨੇ ਨਹੀਂ ਛੱਡੀ ਮਿੱਟੀ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਪਿਛਲੇ ਸਾਲ 2025 ਵਿੱਚ ਓਪਰੇਸ਼ਨ ਸਿੰਦੂਰ ਦੌਰਾਨ ਜਦੋਂ ਸਰਹੱਦ ਪਾਰ ਤਣਾਅ ਚਰਮ ‘ਤੇ ਸੀ ਅਤੇ ਰਾਤ ਨੂੰ ਅਸਮਾਨ ਵਿੱਚ ਮਿਜ਼ਾਈਲਾਂ ਦੀ ਗੂੰਜ ਸੁਣਾਈ ਦੇ ਰਹੀ ਸੀ, ਉਸ ਵੇਲੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਡਰ ਦੀ ਬਜਾਏ ਹੌਸਲਾ ਚੁਣਿਆ। ਤਿੰਨ ਰਾਤਾਂ ਤੱਕ ਤਣਾਅਪੂਰਨ ਹਾਲਾਤ ਬਣੇ ਰਹੇ, ਪਰ ਜ਼ਿਆਦਾਤਰ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ, ਖੇਤਾਂ ਅਤੇ ਪਸ਼ੂਆਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ।
7, 8 ਅਤੇ 9 ਮਈ 2025 ਦੀਆਂ ਰਾਤਾਂ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿੱਚ ਅਸਾਧਾਰਨ ਹਾਲਾਤ ਬਣੇ ਰਹੇ। ਮੁਹਰ ਖੀਵਾ ਦੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਰਾਤਾਂ ਤੱਕ ਮਿਜ਼ਾਈਲਾਂ ਪਿੰਡ ਦੇ ਉੱਪਰੋਂ ਲੰਘਦੀਆਂ ਰਹੀਆਂ। ਹਾਲਾਤ ਗੰਭੀਰ ਸਨ, ਪਰ ਪਿੰਡ ਦੇ ਮਰਦਾਂ ਨੇ ਪਿੱਛੇ ਹਟਣ ਦੀ ਬਜਾਏ ਪਿੰਡ ਵਿੱਚ ਹੀ ਡਟੇ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਸੀ, ਜਦਕਿ ਮਰਦ ਘਰਾਂ, ਪਸ਼ੂਆਂ ਅਤੇ ਖੇਤੀਬਾੜੀ ਦੇ ਸਾਮਾਨ ਦੀ ਰਾਖੀ ਲਈ ਪਿੱਛੇ ਰਹੇ। ਰਾਤ ਸਮੇਂ ਹਾਲਾਤ ਅਜਿਹੇ ਬਣ ਜਾਂਦੇ ਸਨ ਕਿ ਮੋਬਾਈਲ ਦੀ ਹਲਕੀ ਰੌਸ਼ਨੀ ਵੀ ਬੰਦ ਰੱਖਣੀ ਪੈਂਦੀ ਸੀ। ਲੋਕ ਘਰਾਂ ਦੇ ਅੰਦਰ ਰਹਿੰਦੇ, ਪਰ ਧਿਆਨ ਹਰ ਵੇਲੇ ਅਸਮਾਨ ਅਤੇ ਸਰਹੱਦ ਵੱਲ ਹੀ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਡਰ ਜ਼ਰੂਰ ਸੀ, ਪਰ ਆਪਣੀ ਜ਼ਮੀਨ, ਅਨਾਜ ਅਤੇ ਪਸ਼ੂਆਂ ਨੂੰ ਬੇਸਹਾਰਾ ਛੱਡਣਾ ਮਨਜ਼ੂਰ ਨਹੀਂ ਸੀ।
ਸਰਹੱਦ ਤੋਂ ਕਰੀਬ 500 ਮੀਟਰ ਦੂਰ ਸਥਿਤ ਮੁਹਾਰ ਖੀਵਾ ਪਿੰਡ ਦੇ 76 ਸਾਲਾ ਦੇਸ ਸਿੰਘ ਨੇ ਵੀ ਪਿੰਡ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ ਉਹ 1965 ਅਤੇ 1971 ਦੀਆਂ ਜੰਗਾਂ ਦੇ ਗਵਾਹ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਰਹਿਣ ਵਾਲਿਆਂ ਲਈ ਅਜਿਹੇ ਹਾਲਾਤ ਨਵੇਂ ਨਹੀਂ ਹੁੰਦੇ। “ਡਰ ਤਾਂ ਲੱਗਦਾ ਹੈ, ਪਰ ਆਪਣੀ ਮਿੱਟੀ ਛੱਡਣ ਦਾ ਮਨ ਨਹੀਂ ਕਰਦਾ,” ਉਨ੍ਹਾਂ ਨੇ ਕਿਹਾ।
ਤਣਾਅ ਦੇ ਦਿਨਾਂ ਦੌਰਾਨ ਦਿਨ ਵੇਲੇ ਕਿਸਾਨ ਖੇਤਾਂ ਵਿੱਚ ਕੰਮ ਕਰਦੇ ਰਹੇ ਅਤੇ ਰਾਤ ਪੈਂਦੇ ਹੀ ਸਾਵਧਾਨੀ ਵਧਾ ਦਿੱਤੀ ਜਾਂਦੀ ਸੀ। ਪਿੰਡਾਂ ਦੇ ਨੌਜਵਾਨ ਵਾਰੀ-ਵਾਰੀ ਜਾਗ ਕੇ ਨਿਗਰਾਨੀ ਕਰਦੇ ਰਹੇ। ਪਸ਼ੂਆਂ ਲਈ ਚਾਰਾ, ਪਾਣੀ ਅਤੇ ਹੋਰ ਜ਼ਰੂਰੀ ਸਮਾਨ ਪਹਿਲਾਂ ਹੀ ਇਕੱਠਾ ਕਰ ਲਿਆ ਗਿਆ ਸੀ। ਕਈ ਥਾਵਾਂ ‘ਤੇ ਲੋਕ ਇਕ-ਦੂਜੇ ਦੇ ਘਰਾਂ ਦੀ ਖ਼ੈਰ-ਖ਼ਬਰ ਵੀ ਲੈਂਦੇ ਰਹੇ।
ਹੁਣ 2026 ਵਿੱਚ ਹਾਲਾਤ ਆਮ ਹੋ ਚੁੱਕੇ ਹਨ। ਸਰਹੱਦੀ ਪਿੰਡਾਂ ਵਿੱਚ ਮੁੜ ਰੋਜ਼ਾਨਾ ਦੀ ਜ਼ਿੰਦਗੀ ਪਰਤ ਆਈ ਹੈ। ਖੇਤਾਂ ਵਿੱਚ ਕਿਸਾਨ ਰੁਟੀਨ ਅਨੁਸਾਰ ਬਿਜਾਈ, ਸਿੰਚਾਈ ਅਤੇ ਹੋਰ ਕੰਮਾਂ ਵਿੱਚ ਰੁਝੇ ਹੋਏ ਹਨ। ਜਿਨ੍ਹਾਂ ਖੇਤਾਂ ਦੇ ਉੱਪਰ ਪਿਛਲੇ ਸਾਲ ਮਿਜ਼ਾਈਲਾਂ ਦੀ ਗੂੰਜ ਸੁਣਾਈ ਦਿੰਦੀ ਸੀ, ਉੱਥੇ ਅੱਜ ਫਿਰ ਟਰੈਕਟਰਾਂ ਦੀਆਂ ਆਵਾਜ਼ਾਂ ਅਤੇ ਖੇਤੀਬਾੜੀ ਦੀ ਰੌਣਕ ਨਜ਼ਰ ਆ ਰਹੀ ਹੈ।
ਮਿਜ਼ਾਈਲਾਂ ਦੀ ਗੂੰਜ ਵਿਚ ਵੀ ਸਰਹੱਦੀ ਪਿੰਡਾਂ ਨੇ ਨਹੀਂ ਛੱਡੇ ਘਰ : ਸੰਦੀਪ ਕੰਬੋਜ
ਕਿਸਾਨ ਹਰਜੀਤ ਸਿੰਘ, ਇਨਕਲਾਬ ਸਿੰਘ, ਰਾਜਿੰਦਰ ਸਿੰਘ, ਲਵਿਸ਼ ਅਤੇ ਸੰਦੀਪ ਕੰਬੋਜ ਨੇ ਕਿਹਾ ਕਿ ਜੰਗਬੰਦੀ ਦੌਰਾਨ ਡਰ ਦਾ ਮਾਹੌਲ ਜ਼ਰੂਰ ਸੀ, ਪਰ ਉਨ੍ਹਾਂ ਨੇ ਆਪਣੇ ਘਰ ਨਹੀਂ ਛੱਡੇ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਲਈ ਇਹ ਸਿਰਫ਼ ਜ਼ਮੀਨ ਨਹੀਂ, ਸਗੋਂ ਜੀਵਨ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਉਹ ਹਰ ਹਾਲਾਤ ਵਿੱਚ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣ ਲਈ ਤਿਆਰ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਪੱਕਾ ਚਿਸ਼ਤੀ, ਮੁਹਰ ਜਮਸ਼ੇਰ, ਮੁਹਾਰ ਖੀਵਾ, ਮੁਹਾਰ ਸੋਨਾ, ਤੇਜਾ ਰੁਹੇਲਾ, ਮਹਾਤਮ ਨਗਰ, ਰੇਤੇ-ਜਵਾਲੀ ਭੈਣੀ, ਵਾਲੇਸ਼ਾਹ ਅਤੇ ਚੂਰੀਵਾਲਾ ਚਿਸ਼ਤੀ ਵਰਗੇ ਪਿੰਡ ਸੰਭਾਵੀ ਗੋਲੀਬਾਰੀ ਦੀ ਸਿੱਧੀ ਜ਼ਦ ਵਿੱਚ ਰਹੇ। ਸੁਰੱਖਿਆ ਬਲਾਂ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ 10 ਮਈ ਨੂੰ ਜੰਗਬੰਦੀ ਹੋਣ ਨਾਲ ਹਾਲਾਤ ਹੋਰ ਗੰਭੀਰ ਹੋਣ ਤੋਂ ਬਚ ਗਏ।