ਮਿਸਲ ਸਤਲੁਜ ਵੱਲੋਂ ਫਿਰੋਜ਼ਪੁਰ ’ਚ 2 ਨਿਯੁਕਤੀਆਂ
ਮਿਸਲ ਸਤਲੁਜ ਵੱਲੋਂ ਫਿਰੋਜ਼ਪੁਰ ਵਿਚ 2 ਨਿਯੁਕਤੀਆਂ : ਅਜੇਪਾਲ ਸਿੰਘ ਬਰਾੜ
Publish Date: Mon, 18 May 2026 06:41 PM (IST)
Updated Date: Mon, 18 May 2026 06:42 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮਿਸਲ ਸਤਲੁਜ ਵੱਲੋਂ ਪੰਜਾਬ ਵਿਚ ਆਪਣੀ ਜਥੇਬੰਦਕ ਪਹੁੰਚ ਨੂੰ ਹੋਰ ਵਿਸਥਾਰ ਦੇਣ ਅਤੇ ਲੋਕ ਪੱਖੀ ਲਹਿਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਿਸਲ ਸਤਲੁਜ ਜਥੇਬੰਦੀ ਵੱਲੋਂ ਫਿਰੋਜ਼ਪੁਰ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2 ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ। ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਪੰਜਾਬ ਦੇ ਹਰ ਵਰਗ ਦੀ ਅਵਾਜ਼ ਬਣਨ ਅਤੇ ਨੌਜਵਾਨਾਂ ਨੂੰ ਇਕ ਸਿਧਾਂਤਕ ਤੇ ਲੋਕ ਪੱਖੀ ਮੰਚ ਦੇਣ ਲਈ ਲਗਾਤਾਰ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ। ਇਸ ਸਮਾਗਮ ਦੌਰਾਨ ਮਾਨ ਸਿੰਘ ਕਿੱਲੀ ਨੂੰ ਮਿਸਲ ਸਤਲੁਜ ਦਾ ਹਲਕਾ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਦਾ ਹਲਕਾ ਇੰਚਾਰਜ਼ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬੀਬੀ ਕੁਲਵਿੰਦਰ ਕੌਰ ਐੱਮ.ਏ., ਐੱਲਐੱਲ.ਬੀ. ਨੂੰ ਮਿਸਲ ਸਤਲੁਜ ਦਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਨਿਯੁਕਤ ਕੀਤਾ ਗਿਆ। ਅਜੇਪਾਲ ਸਿੰਘ ਬਰਾੜ ਨੇ ਦੋਵੇਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਸਲ ਸਤਲੁਜ ਇਕ ਮਜ਼ਬੂਤ, ਸਿਧਾਂਤਕ ਅਤੇ ਪੰਜਾਬ ਪੱਖੀ ਰਾਜਨੀਤਿਕ ਧਾਰਾ ਵਜੋਂ ਉਭਰ ਰਹੀ ਹੈ, ਜਿਸ ਨਾਲ ਵੱਡੀ ਗਿਣਤੀ ਸਮਾਜ ਦੇ ਵੱਖ ਵੱਖ ਖੇਤਰਾਂ ਵਿਚੋਂ ਜੁੜ ਰਹੇ ਹਨ। ਇਸ ਮੌਕੇ ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ ਮਿਸਲ ਸਤਲੁਜ, ਅਮਰਿੰਦਰ ਸਿੰਘ ਤੂੜ ਕਨਵੀਨਰ ਪੂਰਾ ਪੰਜਾਬ ਲਹਿਰ ਵੀ ਸ਼ਾਮਲ ਹੋਏ ਹਨ।ਅੱਜ ਮਿਸਲ ਸਤਲੁਜ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜਸ਼ਨਪ੍ਰੀਤ ਸਿੰਘ ਕਿਲਚੇ ਜ਼ਿਲ੍ਹਾ ਜਨਰਲ ਸਕੱਤਰ ਫਿਰੋਜ਼ਪੁਰ, ਸੁਖਬੀਰ ਸਿੰਘ ਮਿਸ਼ਰੀਵਾਲਾ ਜ਼ਿਲ੍ਹਾ ਯੂਥ ਪ੍ਰਧਾਨ ਫਿਰੋਜ਼ਪੁਰ, ਕਰਮ ਸਿੰਘ ਵੇਰਕਾ ਜ਼ਿਲ੍ਹਾ ਯੂਥ ਸਕੱਤਰ ਫਿਰੋਜ਼ਪੁਰ ਅਤੇ ਜਸਨੂਰ ਸਿੰਘ ਜ਼ਿਲ੍ਹਾ ਯੂਥ ਸਕੱਤਰ ਫਿਰੋਜ਼ਪੁਰ ਵੀ ਸ਼ਾਮਲ ਸਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਦੀ ਅਵਾਜ਼ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਸਫ਼ਰ ਕੰਮ ਕਰਨਗੇ।