ਝਰਮਲ ਸਿੰਘ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪਿੰਡ ਝੋਕ ਹਰੀਹਰ ਦੇ ਸਰਕਾਰੀ ਹਾਈ ਸਕੂਲ ਵਿਖੇ ਮਰਹੂਮ ਝਰਮਲ ਸਿੰਘ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਅਤੇ ਲੋੜਵੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ, ਬੂਟ ਅਤੇ ਸਟੇਸ਼ਨਰੀ ਵੰਡਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨੈਸ਼ਨਲ ਐਵਾਰਡੀ ਡਿਪਟੀ ਡੀਈਓ ਸਤਿੰਦਰ ਸਿੰਘ ਨੇ ਇਸ ਉਪਰਾਲੇ ਲਈ ਝਰਮਲ ਸਿੰਘ ਦੇ ਪਰਿਵਾਰ, ਜੈਨ ਇਰੀਗੇਸ਼ਨ, ਹਰਬੰਸ ਸਿੰਘ ਮੁਖਤਿਆਰ ਕੌਰ ਮੈਮੋਰੀਅਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਦੀ ਅੱਜ ਬਹੁਤ ਲੋੜ ਹੈ, ਜਿਸ ਲਈ ਉਹ ਸਮੂਹ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਹੋਣਹਾਰ ਵਿਦਿਆਰਥੀ ਆਰਥਿਕ ਤੰਗੀਆਂ ਕਾਰਨ ਅੱਗੇ ਵਧਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਦੇ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਵਧਣ ਲਈ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਤੋਂ ਵਿੱਦਿਆ ਦਾ ਚਾਨਣ ਹੀ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਦੇ ਕਾਇਆ ਕਲਪ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਝੋਕ ਹਰੀਹਰ ਦਾ ਸਕੂਲ ਜ਼ਿਲ੍ਹਾ ਫਿਰੋਜ਼ਪੁਰ ਦਾ ਸਭ ਤੋਂ ਬਿਹਤਰੀਨ ਸਕੂਲ ਹੈ, ਜਿੱਥੋਂ ਦੇ ਬੱਚੇ ਬਹੁਤ ਹੋਣਹਾਰ ਹਨ ਅਤੇ ਇੱਥੋਂ ਦਾ ਸਟਾਫ ਵੀ ਬਹੁਤ ਮਿਹਨਤੀ ਹੈ। ਇਸ ਲਈ ਇੱਥੇ ਆ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੰਗੀਆਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨੇ ਚਾਹੀਦੇ ਹਨ। ਇਸ ਮੌਕੇ ਜੈਨ ਇਰੀਗੇਸ਼ਨ ਦੇ ਐੱਮਡੀ ਅਜੀਤ ਜੈਨ, ਬੋਪਾਰਾਏ ਕੰਪਨੀ ਦੇ ਐੱਮਡੀ ਜਗਦੇਵ ਸਿੰਘ ਬੋਪਾਰਾਏ, ਵੈਦਭਾਨ ਦੇ ਐੱਮਡੀ ਡਾ. ਸੁਭਾਸ਼ ਗੋਇਲ, ਪੁਖਰਾਜ ਹੈੱਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਸੁਖਜੀਤ ਸਿੰਘ ਚੀਮਾ, ਫਾਲਕਨ ਗਾਰਡਨ ਟੂਲਜ਼ ਲੁਧਿਆਣਾ, ਬਲੂਸਟਾਲ, ਚਾਨੀ ਐਗਰੋ ਇੰਡਸਟਰੀ ਦੇ ਐੱਮਡੀ ਗੁਰਤੇਜ ਸਿੰਘ ਚਾਨੀ ਅਤੇ ਹੋਰਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਾਲ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਵਿੱਚੋਂ ਮੋਹਰੀ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨੀਨਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਤਨੂ ਪ੍ਰੀਆ, ਨੇਹਾ ਗੁਪਤਾ, ਨੀਰੂ ਬਾਲਾ, ਸੋਨੀਆ, ਸ਼ਿਲਪੀ, ਅਮਨਦੀਪ ਕੌਰ, ਰੂਤੀ ਜੈਨ, ਵਿਸ਼ਾਲ ਧਵਨ, ਦਿਨੇਸ਼ ਚੌਹਾਨ, ਰਾਜਵੀਰ ਕੌਰ, ਰੁਪਿੰਦਰ ਕੌਰ, ਗੁਰੂ ਅੰਗਦ ਦੇਵ ਵਾਤਾਵਰਣ ਸੋਸਾਇਟੀ ਦੇ ਪ੍ਰਧਾਨ ਕਰਨਬੀਰ ਸਿੰਘ ਸੰਧੂ, ਸਾਬਕਾ ਸਰਪੰਚ ਮਲਕੀਤ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਹਰਿੰਦਰ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਮਰਹੂਮ ਝਰਮਲ ਸਿੰਘ ਦੇ ਭਰਾ ਨਿਰਮਲ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਬੋਹੜ ਸਿੰਘ, ਪਿੱਪਲ ਸਿੰਘ, ਵੀਰ ਪ੍ਰਤਾਪ ਸਿੰਘ, ਲਖਵੀਰ ਸਿੰਘ ਘੁੱਗੀ, ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਹਾਜ਼ਰ ਸਨ।