ਸਾਂਸਦ ਰੰਧਾਵਾ, ਵਿਧਾਇਕ ਪਾਹੜਾ ਤੇ ਜ਼ਿਲ੍ਹਾ ਪ੍ਰਧਾਨ ਜ਼ੀਰਾ ਵੱਲੋਂ ਸਫਾਈ ਸੇਵਕਾਂ ਦੀ ਹਮਾਇਤ
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਬਰਿੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇਸਫਾਈ ਕਰਮਚਾਰੀ ਦੇ ਧਰਨੇ ਨੂੰ ਦਿੱਤਾ ਸਮਰਥਨ
Publish Date: Wed, 13 May 2026 05:00 PM (IST)
Updated Date: Wed, 13 May 2026 05:03 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨਗਰ ਕੌਂਸਲ ਜ਼ੀਰਾ ਅਧੀਨ ਕੰਮ ਕਰਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਅੱਜ ਨੌਵੇਂ ਦਿਨ ਵਿਚ ਸ਼ਾਮਲ ਹੋ ਗਈ ਹੈ। ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਜ਼ੀਰਾ ਵਿਖੇ ਲਗਾਏ ਗਏ ਧਰਨੇ ਵਿੱਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਹੁੰਚ ਕੇ ਧਰਨੇ ਨੂੰ ਸਮਰਥਨ ਦਿੱਤਾ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ ਗਿੱਲ, ਗੁਰਭਗਤ ਸਿੰਘ ਗਿੱਲ, ਰਮਨ ਸ਼ਰਮਾ, ਕਾਕਾ ਜੈਲਦਾਰ, ਸੰਜੀਵ ਨਾਰੰਗ, ਹਰੀਸ਼ ਤਾਂਗੜਾ ਆਦਿ ਹਾਜ਼ਰ ਸਨ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਪਰ ਮੌਜ਼ੂਦਾ ਸਰਕਾਰ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦਸਾਂ ਨੂੰਹਾਂ ਦੀ ਕਿਰਤ ਕਰਨ ਵਾਲੇ ਸਫਾਈ ਕਰਮਚਾਰੀਆਂ ਵਿੱਚ ਰੱਬ ਵਸਦਾ ਹੈ। ਜੇਕਰ ਸਫਾਈ ਕਰਮਚਾਰੀ ਨਾ ਹੋਣ ਤਾਂ ਸ਼ਹਿਰ ਨਰਕ ਬਣ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਉਪਰੰਤ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਸ਼ੇਰਾਂ ਵਾਲਾ ਚੌਂਕ ਜ਼ੀਰਾ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਸ਼ੋਕ ਕੁਮਾਰ,ਵਾਈਸ ਪ੍ਰਧਾਨ ਰੋਹਨ ਕਰੋਤੀਆ, ਚੇਅਰਮੈਨ ਵਿਸ਼ਨੂੰ ਕਰੋਤੀਆ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਉਟਸੋਰਸ ਕੰਮ ਕਰਦੇ ਮਾਲੀ, ਬੇਲਦਾਰ ਸੇਵਾਦਾਰ ਇਲੈਕਟ੍ਰੀਸ਼ਨ ਪੰਪ ਅਪਰੇਟਰਾਂ ਕੰਪਿਊਟਰ ਅਪਰੇਟਰਾਂ ਕਲਰਕ ਡਰਾਈਵਰ ਸਫ਼ਾਈ ਸੇਵਕ ਸੀਵਰਮੈਨ, ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਰੈਗੁਲਰ ਪੋਸਟਾਂ ਤੇ ਵਿਭਾਗ ਅਧੀਨ ਕੀਤਾ ਜਾਵੇ ਆਦਿ ਮੰਗਾਂ ਮੰਗੀਆਂ। ਇਸ ਮੌਕੇ ਅਜੇ ਕੁਮਾਰ ਜਨਰਲ ਸਕੱਤਰ, ਸੋਹਣ ਲਾਲ, ਅਮਿਤ ਕੁਮਾਰ ਖਜ਼ਾਨਚੀ, ਗਿਰਧਾਰੀ ਲਾਲ, ਕੁਲਦੀਪ ਰਾਏ ਸਲਾਹਕਾਰ, ਰਜਿੰਦਰ ਕੁਮਾਰ, ਬਿਕਰਮ ਕੁਮਾਰ, ਚਮਨ, ਸ਼ੰਮੀ ਕੁਮਾਰ, ਰਵੀ ਕੁਮਾਰ, ਵਿੱਕੀ, ਧਰਮਚੰਦ, ਕੁਲਵੰਤ, ਰਾਹੁਲ, ਸੁਰਿੰਦਰ ਕੁਮਾਰ, ਸਾਵਨ ਕੁਮਾਰ ਆਦਿ ਹਾਜ਼ਰ ਸਨ।