ਸਤਲੁਜ ਦਰਿਆ 'ਤੇ ਬਣੇ ਬੰਨ੍ਹ ਤੋਂ ਮਿੱਟੀ ਖਿਸਕਣ ਨਾਲ ਕਈ ਪਿੰਡਾਂ ਨੂੰ ਹੜ੍ਹ ਦਾ ਖਤਰਾ
ਸਤਲੁਜ ਦਰਿਆ 'ਤੇ ਬਣੇ ਬੰਨ੍ਹ ਤੋਂ ਮਿੱਟੀ ਖਿਸਕਣ ਨਾਲ ਕਈ ਪਿੰਡਾਂ ਨੂੰ ਹੜ੍ਹ ਦਾ ਖਤਰਾ
Publish Date: Tue, 02 Sep 2025 06:04 PM (IST)
Updated Date: Tue, 02 Sep 2025 06:04 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪ੍ਰਸ਼ਾਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਜਦੋਂ ਕਿ ਸਤਲੁਜ ਪੁਲ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਸਤਲੁਜ ਪੁਲ ‘ਤੇ ਨਹੀਂ ਆਉਣ ਦੇ ਰਹੇ ਹਨ। ਪਿੰਡ ਤੇਜਾ ਰੁਹੇਲਾ ਦੇ ਮਹਿਲ ਸਿੰਘ, ਪਿੰਡ ਦੋਨਾ ਨਾਨਕਾ ਦੇ ਗੁਰਦੀਪ ਸਿੰਘ, ਦਲਜੀਤ ਸਿੰਘ ਅਤੇ ਅਤੇ ਹੋਰਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਹੜ੍ਹ ਨਾਲ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀਆਂ ਫ਼ਸਲਾਂ ਅਤੇ ਮਕਾਨਾਂ ਨੂੰ ਨੁਕਸਾਨ ਹੋ ਚੁੱਕਿਆ ਹੈ। ਕੁਝ ਦਿਨ ਪਹਿਲੇ ਇੱਥੇ ਦਰਿਆ ਵਿੱਚ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਹੈ। ਪਿੰਡ ਤੇਜਾ ਰੁਹੇਲਾ ਤੇ ਚੱਕ ਰੁਹੇਲਾ ’ਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਹੜ੍ਹ ਕਾਰਨ 22988 ਦੀ ਆਬਾਦੀ ਹੋਈ ਪ੍ਰਭਾਵਿਤ ਹੜ੍ਹ ਕਾਰਨ ਜ਼ਿਲ੍ਹੇ ਦੀ 22988 ਅਬਾਦੀ ਪ੍ਰਭਾਵਿਤ ਹੋਈ ਹੈ ਤੇ 2049 ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੈ। ਕੈਂਪਾਂ ਵਿੱਚ 1201 ਲੋਕ ਹਨ।ਰਾਹਤ ਸਮੱਗਰੀ ਵਜੋਂ ਰਾਸ਼ਨ ਕਿੱਟਾਂ 4558 ਅਤੇ ਕੈਟਲ ਫੀਡ 2017 ਬੈਗ ਵੰਡੀ ਗਈ ਹੈ। ਇਸ ਤੋਂ ਬਿਨਾਂ ਜ਼ਿਲ੍ਹੇ ਵਿੱਚ 55 ਟਰਾਲੀਆਂ ਹਰਾ ਚਾਰਾ, 4800 ਬੋਤਲ ਪਾਣੀ ਵੰਡੀ ਗਈ ਹੈ। ਜ਼ਿਲ੍ਹੇ ਦੇ ਕੁੱਲ 32 ਪਿੰਡ ਪ੍ਰਭਾਵਿਤ ਹਨ ਅਤੇ ਲਗਭਗ 13000 ਏਕੜ ਰਕਬਾ ਇਸ ਨਾਲ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡਾਂ ਦਾ ਹੋਰ ਵੀ ਨੁਕਸਾਨ ਹੋਣ ਦਾ ਖਤਰਾ ਵੱਧ ਗਿਆ ਹੈ। ਕਵਾਂਵਾਲੀ ਪੁਲ ਨੇੜੇ ਬੰਨ੍ਹ ਦੇ ਇੱਕ ਹਿੱਸੇ ’ਚ ਮਿੱਟੀ ਖਿਸਕੀ ਸਤਲੁਜ ’ਚ ਪਾਣੀ ਦਾ ਪੱਧਰ ਘੱਟ ਰਿਹਾ ਤੇ ਪਾਣੀ ਦੀ ਤੇਜ਼ ਰਫ਼ਤਾਰ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਕਵਾਂਵਾਲੀ ਪੁਲ ਨੇੜੇ ਬੰਨ੍ਹ ਦੇ ਇੱਕ ਹਿੱਸੇ ਵਿੱਚ ਮਿੱਟੀ ਖਿਸਕਣੀ ਦੀ ਸੂਚਨਾ ਮਿਲਦੇ ਹੀ ਵਿਭਾਗੀ ਟੀਮਾਂ ਸੋਮਵਾਰ ਦੇਰ ਸ਼ਾਮ ਮੌਕੇ ਤੇ ਪਹੁੰਚ ਗਈਆਂ। ਵਿਭਾਗੀ ਅਧਿਕਾਰੀਆਂ ਵੱਲੋਂ ਸਥਿਤੀ ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਜਿੱਥੇ ਵੀ ਪਾਣੀ ਦਾ ਦਬਾਅ ਜ਼ਿਆਦਾ ਹੈ, ਉੱਥੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਵਾਧੂ ਸਰੋਤ ਤਾਇਨਾਤ ਕੀਤੇ ਗਏ ਹਨ। ਇਸ ਵੇਲੇ ਸਤਲੁਜ ਤੋਂ ਲਗਭਗ 2.65 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ ਪਾਣੀ ਦੇ ਪੱਧਰ ਵਿੱਚ ਕੋਈ ਕਮੀ ਨਹੀਂ ਆਈ ਹੈ। ਲਗਭਗ 25 ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ, ਪਾਣੀ ਖੇਤਾਂ ਅਤੇ ਸੜਕਾਂ ਤੇ ਵਹਿ ਰਿਹਾ ਹੈ।