ਫਾਜ਼ਿਲਕਾ ਨਗਰ ਕੌਂਸਲ ਚੋਣਾਂ ’ਚ ਵੱਡਾ ਸਿਆਸੀ ਉਲਟਫੇਰ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ
ਫਾਜ਼ਿਲਕਾ ਨਗਰ ਕੌਂਸਲ ਚੋਣਾਂ ’ਚ ਵੱਡਾ ਸਿਆਸੀ ਉਲਟਫੇਰ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ
Publish Date: Fri, 29 May 2026 08:20 PM (IST)
Updated Date: Fri, 29 May 2026 08:23 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ‘ਪੰਜਾਬੀ ਜਾਗਰਣ’ ਵੱਲੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਸੰਭਾਵਨਾ ਨੂੰ ਸਹੀ ਸਾਬਤ ਕਰ ਦਿੱਤਾ ਹੈ। ‘ਪੰਜਾਬੀ ਜਾਗਰਣ’ ਨੇ ਪਹਿਲਾਂ ਹੀ ਆਪਣੇ ਵਿਸ਼ਲੇਸ਼ਣ ਵਿੱਚ ਕਿਹਾ ਸੀ ਕਿ 25 ਵਾਰਡਾਂ ਵਿੱਚ ਹੋ ਰਹੀ ਤਿਕੋਣੀ ਟੱਕਰ ਦੌਰਾਨ ਭਾਰਤੀ ਜਨਤਾ ਪਾਰਟੀ ‘ਗੇਮਚੇਂਜਰ’ ਵਜੋਂ ਉਭਰ ਸਕਦੀ ਹੈ। ਚੋਣ ਨਤੀਜਿਆਂ ਵਿੱਚ ਭਾਜਪਾ ਨੇ 11 ਸੀਟਾਂ ਜਿੱਤ ਕੇ ਨਾ ਸਿਰਫ਼ ਸਭ ਤੋਂ ਵੱਡੀ ਪਾਰਟੀ ਬਣਨ ਦਾ ਮਾਣ ਹਾਸਲ ਕੀਤਾ, ਸਗੋਂ ਨਗਰ ਕੌਂਸਲ ਦੀ ਸਿਆਸਤ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਵੀ ਦਰਜ ਕਰਵਾ ਦਿੱਤੀ। ਹਾਲਾਂਕਿ ਪਾਰਟੀ ਬਹੁਮਤ ਦੇ ਅੰਕੜੇ ਤੋਂ ਦੋ ਸੀਟਾਂ ਦੂਰ ਰਹੀ, ਪਰ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਭਾਜਪਾ ਹੀ ਬੋਰਡ ਬਣਾਉਣ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਫਾਜ਼ਿਲਕਾ ਨਗਰ ਕੌਂਸਲ ਚੋਣਾਂ ਦੀ ਅੱਜ ਹੋਈ ਵੋਟਾਂ ਦੀ ਗਿਣਤੀ ਦੌਰਾਨ ਵੱਡਾ ਸਿਆਸੀ ਉਲਟਫੇਰ ਵੇਖਣ ਨੂੰ ਮਿਲਿਆ। ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿੱਚ ਕੜੀ ਸੁਰੱਖਿਆ ਹੇਠ ਹੋਈ ਗਿਣਤੀ ਤੋਂ ਬਾਅਦ ਆਏ ਨਤੀਜਿਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ, ਜਦਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਹਾਲਾਂਕਿ ਫਾਜ਼ਿਲਕਾ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਦਿੱਤਾ। ਸ਼ਾਮ ਤੱਕ ਆਏ 25 ਵਾਰਡਾਂ ਦੇ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੇ 11 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੇ 9 ਸੀਟਾਂ ’ਤੇ ਕਬਜ਼ਾ ਕੀਤਾ ਹੈ। 25 ਸੀਟਾਂ ’ਤੇ ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਾਰਟੀ ਸਿਰਫ਼ 5 ਸੀਟਾਂ ਤੱਕ ਹੀ ਸੀਮਿਤ ਰਹਿ ਗਈ। ਬਹੁਮਤ ਤੋਂ ਦੋ ਕਦਮ ਦੂਰ ਭਾਜਪਾ : ਸੁਰਜੀਤ ਜਿਆਣੀ ਫਾਜ਼ਿਲਕਾ ਨਗਰ ਕੌਂਸਲ ਦੀਆਂ 25 ਸੀਟਾਂ ਵਿੱਚੋਂ ਬੋਰਡ ਬਣਾਉਣ ਲਈ 13 ਸੀਟਾਂ ਦੀ ਲੋੜ ਹੈ। ਇਸ ਹਿਸਾਬ ਨਾਲ ਭਾਜਪਾ ਨੂੰ ਅਜੇ ਵੀ 2 ਕੌਂਸਲਰਾਂ ਦੇ ਸਮਰਥਨ ਦੀ ਲੋੜ ਪਵੇਗੀ। ਮੌਕੇ ’ਤੇ ਮੌਜੂਦ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਸੁਰਜੀਤ ਜਿਆਣੀ ਨੇ ਦਾਅਵਾ ਕੀਤਾ ਕਿ ਫਾਜ਼ਿਲਕਾ ਨਗਰ ਕੌਂਸਲ ਵਿੱਚ ਭਾਜਪਾ ਹੀ ਆਪਣਾ ਬੋਰਡ ਬਣਾਏਗੀ। ਪਾਰਟੀਆਂ ਦੀ ਸਥਿਤੀ ਇਸ ਤਰ੍ਹਾਂ ਰਹੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 11 ਸੀਟਾਂ, ਕਾਂਗਰਸ ਨੇ 9 ਸੀਟਾਂ, ਆਮ ਆਦਮੀ ਪਾਰਟੀ ਨੇ 5 ਸੀਟਾਂ ਪ੍ਰਾਪਤ ਕੀਤੀਆਂ। ਫਾਜ਼ਿਲਕਾ ਦਾ ਵਿਕਾਸ ਚਾਹੁਣ ਵਾਲੇ ਸਾਡੇ ਨਾਲ : ਜਿਆਣੀ ਨਤੀਜਿਆਂ ਤੋਂ ਬਾਅਦ ਗਿਣਤੀ ਕੇਂਦਰ ’ਤੇ ਪਹੁੰਚੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਜਿੱਤ ’ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਫਾਜ਼ਿਲਕਾ ਨਗਰ ਕੌਂਸਲ ਵਿੱਚ ਭਾਜਪਾ ਹੀ ਆਪਣਾ ਚੇਅਰਮੈਨ ਬਣਾਏਗੀ। ਉਨ੍ਹਾਂ ਕਿਹਾ ਕਿ ਅੱਜ ਫਾਜ਼ਿਲਕਾ ਦੇ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਭਾਵੇਂ ਬੋਰਡ ਬਣਾਉਣ ਲਈ 13 ਸੀਟਾਂ ਦੀ ਲੋੜ ਹੈ ਅਤੇ ਸਾਡੇ ਕੋਲ 11 ਸੀਟਾਂ ਹਨ, ਪਰ ਫਾਜ਼ਿਲਕਾ ਦਾ ਅਸਲੀ ਵਿਕਾਸ ਚਾਹੁਣ ਵਾਲੇ ਲੋਕ ਸਾਡੇ ਨਾਲ ਜ਼ਰੂਰ ਜੁੜਣਗੇ। ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਵੀ ਵਿਨ੍ਹਿਆਂ ਨਿਸ਼ਾਨਾ ਸੱਤਾਰੂੜ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਤੋਂ ਤੰਗ ਆ ਕੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਭਾਜਪਾ ਨੂੰ ਵੋਟ ਦਿੱਤੀ ਹੈ। ਹੁਣ ਕਿੰਗਮੇਕਰ ਦੀ ਭੂਮਿਕਾ ’ਚ ਕਾਂਗਰਸ ਤੇ ‘ਆਪ’ ਨਤੀਜਿਆਂ ਤੋਂ ਬਾਅਦ ਹੁਣ ਫਾਜ਼ਿਲਕਾ ਦੀ ਸਥਾਨਕ ਰਾਜਨੀਤੀ ਵਿੱਚ ਜੋੜ-ਤੋੜ ਦਾ ਦੌਰ ਸ਼ੁਰੂ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਭਾਜਪਾ ਨੂੰ ਆਪਣਾ ਪ੍ਰਧਾਨ ਬਣਾਉਣ ਲਈ 2 ਹੋਰ ਪਾਰਸ਼ਦਾਂ ਦੇ ਸਮਰਥਨ ਦੀ ਲੋੜ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਸਮਰਥਨ ਭਾਜਪਾ ਨੂੰ ਕਿੱਥੋਂ ਮਿਲਦਾ ਹੈ ਜਾਂ ਫਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਕੋਈ ਨਵਾਂ ਸਮੀਕਰਨ ਬਣਾਉਂਦੀਆਂ ਹਨ। ਫਿਲਹਾਲ ਨੈਤਿਕ ਬੜਤ ਭਾਜਪਾ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ।