ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਨੌਜਵਾਨ : ਸੰਧੂ
ਮਹਾਂਵੀਰ ਸਿੰਘ ਸੰਧੂ ਨੇ ਨੌਜਵਾਨਾਂ ਨੂੰ ਦਿੱਤੀ ਖੇਡ ਮੈਦਾਨ ਦੀ ਸੌਗਾਤ
Publish Date: Fri, 08 May 2026 04:47 PM (IST)
Updated Date: Fri, 08 May 2026 04:47 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ ਤੋਂ ਕਰੀਬ ਇਕ ਕਿਲੋਮੀਟਰ ਦੂਰ ਪਿੰਡ ਕੁਹਾਲੇ ਨੇੜੇ ਪੰਚਾਇਤੀ ਪੈਲੀ ਵਿਚ ਖੇਡ ਮੈਦਾਨ ਬਣਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਪੰਚਾਇਤ ਪ੍ਰਧਾਨ ਮਹਾਂਵੀਰ ਸਿੰਘ ਸੰਧੂ ਵੱਲੋਂ ਕਰਵਾਈ ਗਈ। ਲੰਬੇ ਸਮੇਂ ਤੋਂ ਇਲਾਕੇ ਦੇ ਨੌਜਵਾਨ ਖੇਡ ਮੈਦਾਨ ਦੀ ਮੰਗ ਕਰ ਰਹੇ ਸਨ, ਜੋ ਹੁਣ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਕੰਮ ਦੀ ਸ਼ੁਰੂਆਤ ਮੌਕੇ ਪੈਲੀ ਵਿਚ ਟਰੈਕਟਰ ਚਲਾ ਕੇ ਜ਼ਮੀਨ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਮੱਲਾਂਵਾਲਾ ਕ੍ਰਿਕਟ ਕਲੱਬ ਅਤੇ ਇਲਾਕੇ ਦੇ ਨੌਜਵਾਨਾਂ ਨੇ ਖੁਸ਼ੀ ਜਤਾਉਂਦੇ ਹੋਏ ਲੱਡੂ ਵੰਡੇ ਅਤੇ ਮਹਾਂਵੀਰ ਸਿੰਘ ਸੰਧੂ ਦਾ ਧੰਨਵਾਦ ਕੀਤਾ। ਮੱਲਾਂਵਾਲਾ ਕ੍ਰਿਕਟ ਕਲੱਬ ਦੇ ਨੌਜਵਾਨ ਹੀਰਾ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੂੰ ਕਈ ਸਾਲਾਂ ਤੋਂ ਖੇਡਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਦੇ ਦਾਣਾ ਮੰਡੀ ਅਤੇ ਕਦੇ ਸਕੂਲਾਂ ਦੇ ਮੈਦਾਨਾਂ ਵਿਚ ਖੇਡਣਾ ਪੈਂਦਾ ਸੀ, ਜਿਸ ਕਾਰਨ ਨੌਜਵਾਨਾਂ ਨੂੰ ਢੰਗ ਦੀ ਪ੍ਰੈਕਟਿਸ ਨਹੀਂ ਮਿਲਦੀ ਸੀ। ਉਹਨਾਂ ਕਿਹਾ ਕਿ ਹੁਣ ਆਪਣਾ ਖੇਡ ਮੈਦਾਨ ਬਣਨ ਨਾਲ ਨੌਜਵਾਨਾਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਖੇਡਾਂ ਨੂੰ ਨਵਾਂ ਉਤਸ਼ਾਹ ਮਿਲੇਗਾ। ਨਗਰ ਪੰਚਾਇਤ ਪ੍ਰਧਾਨ ਮਹਾਂਵੀਰ ਸਿੰਘ ਸੰਧੂ ਨੇ ਦੱਸਿਆ ਕਿ ਖੇਡ ਮੈਦਾਨ ਦੇ ਵਿਕਾਸ ਲਈ ਕਰੀਬ ਇਕ ਕਰੋੜ ਰੁਪਏ ਦੀ ਪ੍ਰਪੋਜ਼ਲ ਭੇਜੀ ਗਈ ਹੈ। ਇਸ ਵਿਚ ਬਾਊਂਡਰੀ ਵਾਲ, ਲਾਈਟਾਂ, ਪਾਣੀ ਦੀ ਵਿਵਸਥਾ, ਬਾਥਰੂਮ, ਪੌਦੇ ਅਤੇ ਹੋਰ ਜ਼ਰੂਰੀ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਵੱਡੇ ਪੱਧਰ ’ਤੇ ਟੂਰਨਾਮੈਂਟ ਵੀ ਕਰਵਾਏ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਦੇ ਮੈਦਾਨ ਇਲਾਕੇ ਦੀ ਨਵੀਂ ਪੀੜ੍ਹੀ ਲਈ ਲਾਭਦਾਇਕ ਸਾਬਤ ਹੋਣਗੇ। ਇਸ ਮੌਕੇ ਮਹਾਂਵੀਰ ਸਿੰਘ ਸੰਧੂ ਵੱਲੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੌਰਾਨ ਹੋਰ ਐਮਸੀ ਸਾਹਿਬਾਨ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ ਮੌਜ਼ੂਦ ਸਨ।