ਪੰਜਾਬ ਵਿਚ ਬਿਜਲੀ ਦੇ ਲੰਮੇ ਕੱਟਾਂ ਨੇ ਕੱਢੀ ਸਰਕਾਰੀ ਦਾਅਵਿਆਂ ਦੀ ਫੂਕ
ਪੰਜਾਬ ਵਿਚ ਬਿਜਲੀ ਦੇ ਲੰਮੇ ਕੱਟਾਂ ਨੇ ਕੱਢੀ ਸਰਕਾਰੀ ਦਾਅਵਿਆਂ ਦੀ ਫੂਕ
Publish Date: Tue, 28 Apr 2026 03:35 PM (IST)
Updated Date: Tue, 28 Apr 2026 03:37 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਹਵਾ ਹਵਾਈ ਸਾਬਤ ਹੋ ਰਹੇ ਹਨ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਬਿਜਲੀ ਦੀ ਸਪਲਾਈ ਵਿਚ ਤੁਰੰਤ ਸੁਧਾਰ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਦੱਸਿਆ ਕਿ ਇਸ ਸਮੇਂ ਖੇਤੀਬਾੜੀ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੈ। ਝੋਨੇ ਵਾਲੇ ਖੇਤਰਾਂ ਵਿਚ ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ, ਜਦਕਿ ਨਰਮਾ ਪੱਟੀ ਵਿਚ ਬਿਜਾਈ ਦਾ ਕੰਮ ਚੱਲ ਰਿਹਾ ਹੈ। ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ ਅਤੇ ਉਹ ਖੱਜਲ-ਖੁਆਰ ਹੋ ਰਹੇ ਹਨ। ਇਸ ਦੇ ਨਾਲ ਹੀ, ਭਿਆਨਕ ਗਰਮੀ ਵਿਚ ਬਿਜਲੀ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਮਜਬੂਰੀ ਵੱਸ ਭਾਰੀ ਖਰਚੇ ਕਰਨ ਲਈ ਮਜ਼ਬੂਰ ਹਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸੰਕਟ ਦਾ ਹੱਲ ਜਲਦ ਨਾ ਕੱਢਿਆ ਗਿਆ ਤਾਂ ਜ਼ਿਲ੍ਹਾ ਪੱਧਰੀ ਮੀਟਿੰਗ ਸੱਦ ਕੇ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਰਾਮ ਸਿੰਘ ਮੱਕੜ, ਮਿਲਖ ਰਾਜ ਸਰਪੰਚ ਮੱਲਕਜਾਦਾ, ਅੰਗਰੇਜ਼ ਕੁਮਾਰ ਮੱਲਕਜਾਦਾ, ਮੰਗਲ ਸਿੰਘ ਫਲਿਆਂਵਾਲਾ ਅਤੇ ਸੁਰਿੰਦਰ ਪਿਰੇਕੇ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਇੱਕਸੁਰ ਵਿਚ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੀ ਨਿੰਦਾ ਕੀਤੀ।