ਮਾਰਚ ''ਚ ਹੀ ਅਪ੍ਰੈਲ ਵਰਗੀ ਤਪਸ਼, ਵਧਦੀ ਗਰਮੀ ਨੇ ਜਨਜੀਵਨ ਕੀਤਾ ਪ੍ਰਭਾਵਿਤ
ਕਪਿਲ ਜਸੂਜਾ, ਪੰਜਾਬੀ ਜਾਗਰਣਫਾਜ਼ਿਲਕਾ
Publish Date: Tue, 10 Mar 2026 05:25 PM (IST)
Updated Date: Tue, 10 Mar 2026 05:27 PM (IST)

ਕਪਿਲ ਜਸੂਜਾ, ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਵਿੱਚ ਭਾਵੇਂ ਅਜੇ ਮਾਰਚ ਦਾ ਮਹੀਨਾ ਚੱਲ ਰਿਹਾ ਹੈ, ਪਰ ਤਾਪਮਾਨ ਅਪ੍ਰੈਲ ਵਰਗਾ ਮਹਿਸੂਸ ਹੋਣ ਲੱਗਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਮਾਰਚ ਦੇ ਪਹਿਲੇ ਹਫ਼ਤੇ ਹੀ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੋਵੇ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਇਲਾਕੇ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ ਕਰੀਬ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਦੇ ਤੇਜ਼ ਹੋਣ ਕਾਰਨ ਲੋਕਾਂ ਨੂੰ ਦਿਨ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਠੰਢੇ ਪੇਅ ਪਦਾਰਥਾਂ ਅਤੇ ਆਈਸਕ੍ਰੀਮ ਦੀਆਂ ਦੁਕਾਨਾਂ ‘ਤੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਵੀ ਦੇਖਣ ਨੂੰ ਮਿਲਿਆ। ਗਾਹਕ ਸਿਰਫ਼ ਸਵੇਰੇ ਜਾਂ ਸ਼ਾਮ ਨੂੰ ਹੀ ਨਿਕਲ ਰਹੇ : ਅਭੈ ਅਗਰਵਾਲ ਦੁਕਾਨਦਾਰਾਂ ਅਭੈ ਅਗਰਵਾਲ ਨੇ ਦੱਸਿਆ ਕਿ ਗਾਹਕ ਸਿਰਫ਼ ਸਵੇਰੇ ਜਾਂ ਸ਼ਾਮ ਨੂੰ ਹੀ ਆ ਰਹੇ ਹਨ, ਜਦਕਿ ਦੁਪਹਿਰ ਵੇਲੇ ਸੜਕਾਂ ਤੇ ਸੰਨਾਟਾ ਨਜ਼ਰ ਆਉਂਦਾ ਹੈ। ਲੋਕ ਚਿਹਰੇ ਢੱਕ ਕੇ ਅਤੇ ਪਾਣੀ ਦੀ ਬੋਤਲ ਨਾਲ ਲੈ ਕੇ ਜ਼ਰੂਰੀ ਕੰਮ ਨਿਪਟਾਉਣ ਲਈ ਮਜਬੂਰ ਹਨ। ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਸਿੱਧੀ ਧੁੱਪ ਕਾਰਨ ਥਕਾਵਟ ਅਤੇ ਚੱਕਰ ਆਉਣ ਵਰਗੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਸਿਹਤ ਵਿਭਾਗ ਨੇ ਵੀ ਸਲਾਹ ਦਿੱਤੀ ਹੈ ਕਿ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਧੁੱਪ ਵਿੱਚ ਘੱਟ ਨਿਕਲੋ ਅਤੇ ਪਾਣੀ ਦਾ ਭਰਪੂਰ ਸੇਵਨ ਕਰੋ। ਵੱਧ ਤਾਪਮਾਨ ਫ਼ਸਲਾਂ ਦੇ ਝਾੜ ’ਤੇ ਪਾ ਸਕਦੈ ਅਸਰ ਕਿਸਾਨ ਸੰਦੀਪ ਕੁਮਾਰ ਹੈਪੀ ਕੰਬੋਜ ਨੇ ਦੱਸਿਆ ਕਿ ਖੇਤਾਂ ਵਿੱਚ ਕਣਕ ਦੀ ਫ਼ਸਲ ’ਤੇ ਤਾਪਮਾਨ ਦਾ ਅਸਰ ਸਪੱਸ਼ਟ ਦਿਖਾਈ ਦੇਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤੇਜ਼ ਧੁੱਪ ਅਤੇ ਹਵਾ ਕਾਰਨ ਖੇਤਾਂ ਵਿੱਚ ਨਮੀ ਤੇਜ਼ੀ ਨਾਲ ਘਟ ਰਹੀ ਹੈ, ਜਿਸ ਕਾਰਨ ਵਾਰ-ਵਾਰ ਸਿੰਚਾਈ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ’ਤੇ ਵੀ ਗਰਮੀ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ, ਉਹ ਦਿਨ ਵੇਲੇ ਚਾਰਾ ਘੱਟ ਖਾ ਰਹੇ ਹਨ ਅਤੇ ਪਸ਼ੂ ਪਾਲਕਾਂ ਨੂੰ ਉਨ੍ਹਾਂ ਲਈ ਠੰਢੇ ਪਾਣੀ ਅਤੇ ਛਾਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਫ਼ਸਲਾਂ ਦੇ ਝਾੜ ’ਤੇ ਸਿੱਧਾ ਅਸਰ ਪੈ ਸਕਦਾ ਹੈ। ਹਲਕੀ ਸਿੰਚਾਈ ਤੇ ਖੇਤਾਂ ਵਿੱਚ ਨਮੀ ਬਣਾਈ ਰੱਖਣਾ ਜ਼ਰੂਰੀ : ਡਾ. ਹਰਪ੍ਰੀਤਪਾਲ ਕੌਰ ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫ਼ਸਲ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਨਿਯਮਤ ਅੰਤਰਾਲ ਤੇ ਹਲਕੀ-ਹਲਕੀ ਸਿੰਚਾਈ ਕਰਦੇ ਰਹਿਣ ਤਾਂ ਜੋ ਮਿੱਟੀ ਵਿੱਚ ਨਮੀ ਬਣੀ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਗਰਮ ਹਵਾ ਅਤੇ ਤੇਜ਼ ਧੁੱਪ ਵਿੱਚ ਖੇਤ ਤੇਜ਼ੀ ਨਾਲ ਸੁੱਕਦੇ ਹਨ, ਜਿਸ ਨਾਲ ਦਾਣੇ ਭਰਨ ਦੀ ਪ੍ਰਕਿਰਿਆ ਤੇ ਅਸਰ ਪੈ ਸਕਦਾ ਹੈ। ਰਾਤ ਵੇਲੇ ਅਜੇ ਵੀ ਹਲਕੀ ਠੰਢਕ ਬਣੀ ਹੋਈ ਹੈ। ਮੌਸਮ ਵਿਭਾਗ ਨੇ ਇਸ ਹਫ਼ਤੇ ਕਿਸੇ ਵੀ ਤਰ੍ਹਾਂ ਦੇ ਮੀਂਹ ਦਾ ਅਲਰਟ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜਨਵਰੀ ਅਤੇ ਫਰਵਰੀ ਦਾ ਮਹੀਨਾ ਪੂਰੀ ਤਰ੍ਹਾਂ ਸੁੱਕਾ ਰਿਹਾ, ਜਿਸ ਕਾਰਨ ਮੌਸਮ ਵਿੱਚ ਨਮੀ ਦੀ ਕਮੀ ਹੈ। ਲੋਕ ਠੰਢੇ ਪਾਣੀ ਦੀ ਵਰਤੋਂ ਨਾ ਕਰਨ : ਗੌਰਵ ਅਹੂਜਾ ਸਮਾਜਸੇਵੀ ਰਵ ਅਹੂਜਾ ਨੇ ਦੱਸਿਆ ਕਿ ਮਾਰਚ ਦੇ ਮਹੀਨੇ ਵਿੱਚ ਹੀ ਤਾਪਮਾਨ ਲਗਭਗ 33 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਲੋਕਾਂ ਨੂੰ ਦਿਨ ਦੇ ਸਮੇਂ ਧੁੱਪ ਤੋਂ ਬਚਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਡੀਹਾਈਡ੍ਰੇਸ਼ਨ ਤੋਂ ਬਚਿਆ ਜਾ ਸਕੇ।ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਵਿੱਚ ਖਾਸ ਸਾਵਧਾਨੀ ਦੀ ਲੋੜ ਹੁੰਦੀ ਹੈ। ਜੇਕਰ ਕਿਸੇ ਨੂੰ ਚੱਕਰ, ਥਕਾਵਟ ਜਾਂ ਜ਼ਿਆਦਾ ਪਿਆਸ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਹਲਕਾ ਭੋਜਨ, ਵੱਧ ਪਾਣੀ ਅਤੇ ਸਿਹਤ ਸੰਬੰਧੀ ਸਾਵਧਾਨੀਆਂ ਅਪਣਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ।