ਸ਼ਰਾਬ ਤਸਕਰ ਨੇ ਪੁਲਿਸ ਨੂੰ ਲਲਕਾਰਿਆ, ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼
ਸ਼ਰਾਬ ਤਸਕਰ ਨੇ ਪੁਲਿਸ ਨੂੰ ਲਲਕਾਰਿਆ: ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼, ਹੰਗਾਮਾ ਕੀਤਾ
Publish Date: Sat, 21 Feb 2026 04:32 PM (IST)
Updated Date: Sat, 21 Feb 2026 04:33 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤਸਕਰੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਇਲਾਕੇ ਦੇ ਕਈ ਪਿੰਡਾਂ ਵਿੱਚ ਰੇਡ ਕੀਤੀ ਗਈ ਹੈ। ਰੇਡ ਦੌਰਾਨ ਇੱਕ ਵਿਅਕਤੀ ਵੱਲੋਂ ਲੋਹੇ ਦੀ ਰਾਡ ਹੱਥ ਵਿੱਚ ਲੈ ਕੇ ਪੁਲਿਸ ਨਾਲ ਭਿੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੰਗਾਮਾ ਕੀਤਾ ਗਿਆ ਤੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਰੇਡ ਦੌਰਾਨ ਜਿੱਥੇ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ, ਉੱਥੇ ਹੀ ਪਿੰਡਾਂ ਦੇ ਵੱਖ-ਵੱਖ ਇਲਾਕਿਆਂ ਤੋਂ 6000 ਲੀਟਰ ਨਜਾਇਜ਼ ਲਾਹਣ ਬਰਾਮਦ ਕਰਕੇ ਉਸਨੂੰ ਨਸ਼ਟ ਕੀਤਾ ਗਿਆ ਹੈ। ਜਦਕਿ ਇਸ ਤੋਂ ਇਲਾਵਾ ਪੁਲਿਸ ਨੇ ਭੱਠੀਆਂ ਦਾ ਸਾਮਾਨ, ਇੱਕ ਮੋਟਰਸਾਈਕਲ ਅਤੇ ਜਾਨਲੇਵਾ ਲੋਹੇ ਦੇ ਹਥਿਆਰ ਵੀ ਬਰਾਮਦ ਕੀਤੇ ਹਨ। ਜਲਾਲਾਬਾਦ ਦੇ ਡੀ.ਐਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਤਿੰਨ ਥਾਣਿਆਂ ਦੇ ਐਸ.ਐਚ.ਓ. ਅਤੇ ਕਰੀਬ 100 ਪੁਲਿਸ ਮੁਲਾਜ਼ਮਾਂ ਦੀ ਟੀਮ ਨਾਲ ਪਿੰਡ ਮਹਾਲਮ ਅਤੇ ਪਾਲੀਵਾਲਾ ਵਿੱਚ ਰੇਡ ਕੀਤੀ ਗਈ ਹੈ। ਰੇਡ ਦੌਰਾਨ ਪਿੰਡ ਮਹਾਲਮ ਦੇ ਘਰ ਵਿੱਚ ਜਦੋਂ ਪੁਲਿਸ ਟੀਮ ਪਹੁੰਚੀ ਤਾਂ ਉੱਥੇ ਇੱਕ ਵਿਅਕਤੀ ਵੱਲੋਂ ਆਪਣੇ ਕਮਰੇ ਵਿੱਚ ਨਜਾਇਜ਼ ਲਾਹਣ ਛੁਪਾਈ ਹੋਈ ਸੀ ਅਤੇ ਕਮਰਾ ਬੰਦ ਸੀ। ਪੁਲਿਸ ਟੀਮ ਨੇ ਜਦੋਂ ਕਮਰਾ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਵੱਲੋਂ ਲੋਹੇ ਦੀ ਰਾਡ ਚੁੱਕ ਕੇ ਉਹਨਾਂ ਨੂੰ ਲਲਕਾਰਿਆ ਗਿਆ ਅਤੇ ਜੰਮ ਕੇ ਹੰਗਾਮਾ ਕੀਤਾ ਗਿਆ। ਜਿਸ ਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਥਾਣੇ ਲਿਜਾਇਆ ਗਿਆ ਹੈ। ਉੱਥੇ ਹੀ ਪਿੰਡ ਪਾਲੀਵਾਲਾ ਵਿੱਚ ਵੀ ਪੁਲਿਸ ਵੱਲੋਂ ਵੱਖ-ਵੱਖ ਘਰਾਂ ਅਤੇ ਥਾਵਾਂ ਤੇ ਛਾਪੇਮਾਰੀ ਕਰਕੇ ਨਜਾਇਜ਼ ਲਾਹਣ ਦਾ ਜ਼ਖੀਰਾ ਅਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ, ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਕੁੱਲ 6000 ਲੀਟਰ ਨਜਾਇਜ਼ ਲਾਹਣ ਬਰਾਮਦ ਕਰਕੇ ਉਸਨੂੰ ਨਸ਼ਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਲੋਹੇ ਦੇ ਹਥਿਆਰ ਬਰਾਮਦ ਹੋਏ ਹਨ। ਫਿਲਹਾਲ ਮਾਮਲੇ ਵਿੱਚ ਜਾਂਚ ਜਾਰੀ ਹੈ।