ਸਟ੍ਰੀਟ ਲਾਈਟਾਂ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਪਏਗੀ ਠੱਲ੍ਹ : ਪਿੰਕੀ
ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਐੱਮਪੀ ਫੰਡ ਵਿੱਚੋਂ 4 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਲਾਈਟਾਂ
Publish Date: Tue, 31 Mar 2026 05:11 PM (IST)
Updated Date: Tue, 31 Mar 2026 05:13 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਲੜੀ ਦੇ ਤਹਿਤ ਬਾਬਾ ਜੱਸਾ ਦੇ ਡੇਰੇ ਵਾਲੀ ਸੜਕ ’ਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ। ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਐੱਮਪੀ ਫੰਡ ਵਿੱਚੋਂ 4 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਹਨ। ਇਸ ਵਿਕਾਸ ਕਾਰਜ ਤਹਿਤ ਅਲੀ ਕੇ ਰੋਡ ਤੋਂ ਲੈ ਕੇ ਹਬੀਬ ਕੇ ਰੋਡ ਤੱਕ ਦੇ ਪੂਰੇ ਰਸਤੇ ’ਤੇ ਬਿਜਲੀ ਦੇ ਨਵੇਂ ਖੰਭੇ ਸਥਾਪਿਤ ਕੀਤੇ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਰਸਤਾ ਹਨੇਰੇ ਵਿਚ ਡੁੱਬਿਆ ਰਹਿੰਦਾ ਸੀ, ਜਿਸ ਕਾਰਨ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੰਬੋਜ਼ ਨਗਰ ਸਥਿਤ ਬਾਬਾ ਜੱਸਾ ਸਿੰਘ ਦੇ ਡੇਰੇ ਵਿਖੇ ਅਕਸਰ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ। ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਇੱਥੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਡਰ ਬਣਿਆ ਰਹਿੰਦਾ ਸੀ। ਸਟਰੀਟ ਲਾਈਟਾਂ ਲੱਗਣ ਨਾਲ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ, ਉੱਥੇ ਹੀ ਅਪਰਾਧਿਕ ਗਤੀਵਿਧੀਆਂ ’ਤੇ ਵੀ ਨੱਥ ਪਾਈ ਜਾ ਸਕੇਗੀ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ ਇਕ ਵਿਚ ਵੀ ਸਟਰੀਟਾਂ ਲਾਈਟਾਂ ਲਗਵਾਈਆਂ ਹਨ। ਇਸ ਮੌਕੇ ਗੁਰਭੇਜ ਸਿੰਘ, ਦਲਜਿੰਦਰ ਸਿੰਘ, ਲਖਬੀਰ ਸਿੰਘ, ਰਣਜੀਤ ਸਿੰਘ, ਨਰਵੈਰ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਸਾਬਕਾ ਵਿਧਾਇਕ ਪਿੰਕੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸਾਡੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਮੁੱਖ ਮਾਰਗ ਨੂੰ ਰੌਸ਼ਨ ਕੀਤਾ ਜਾਵੇ। ਹਨੇਰੇ ਕਾਰਨ ਰਾਤ ਵੇਲੇ ਇੱਥੋਂ ਗੁਜ਼ਰਨਾ ਖਤਰੇ ਤੋਂ ਖਾਲੀ ਨਹੀਂ ਸੀ, ਪਰ ਹੁਣ ਸਾਬਕਾ ਵਿਧਾਇਕ ਦੀ ਬਦੌਲਤ ਸਾਡਾ ਵਾਰਡ ਵਿਕਾਸ ਦੀ ਰੌਸ਼ਨੀ ਨਾਲ ਜਗਮਗਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ ਰਿੰਕੂ ਗਰੋਵਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਦਲਜਿੰਦਰ ਸਿੰਘ, ਗੁਰਭੇਜ ਸਿੰਘ, ਲਖਬੀਰ ਸਿੰਘ, ਗੁਰਦੇਵ ਸਿੰਘ, ਕਿਸਾਨ ਸੈੱਲ ਪ੍ਰਧਾਨ ਗੁਰਨੇਬ ਸਿੰਘ, ਐਡਵੋਕੇਟ ਰਜਨੀਸ਼ ਸੋਢੀ, ਕਾਂਗਰਸ ਯੂਥ ਜ਼ਿਲ੍ਹਾ ਪ੍ਰਧਾਨ ਯੁਕੂਬ ਭੱਟੀ, ਵਿਜੇ ਗੋਰੀਆ, ਸਰਪੰਚ ਜਿੰਦਰ ਸਿੰਘ, ਮਲਕੀਤ ਸਿੰਘ, ਸਰਪੰਚ ਸੁਰਜੀਤ ਸਿੰਘ, ਰੁਪਿੰਦਰ ਸਿੰਘ, ਰਵੀ ਤਾਇਲ, ਰਾਜਾ ਪ੍ਰਧਾਨ, ਸਰਵਣ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।