ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਘਰਾਂ ਦਾ ਸਾਮਾਨ ਸੜਿਆ
ਪਿੰਡ ਨੀਲੇਵਾਲਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਘਰਾਂ ਦਾ ਸਮਾਨ ਸੜਿਆ
Publish Date: Sun, 03 May 2026 05:50 PM (IST)
Updated Date: Mon, 04 May 2026 04:09 AM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਇੱਥੋਂ ਦੇ ਪਿੰਡ ਨੀਲੇਵਾਲਾ ਵਿਖੇ ਅੱਜ ਤੜਕਸਾਰ ਆਈ ਤੇਜ਼ ਹਨੇਰੀ ਅਤੇ ਬਾਰਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਘਰਾਂ ਦਾ ਸਾਮਾਨ ਸੜ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਦੇ ਕਰੀਬ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਦੌਰਾਨ ਆਸਮਾਨ ਵਿਚ ਜੋਰਦਾਰ ਧਮਾਕਾ ਹੋਇਆ ਅਤੇ ਉਨ੍ਹਾਂ ਦੀ ਛੱਤ ਉੱਪਰ ਬਣੀ ਮਮਟੀ ਦਾ ਦਰਵਾਜਾ ਖੁੱਲ੍ਹਾ ਹੋਣ ਕਾਰਨ ਅਸਮਾਨੀ ਬਿਜਲੀ ਮਮਟੀ ਦੀ ਕੰਧ ਅਤੇ ਰਸੋਈ ਦੀ ਛੱਤ ਨੂੰ ਪਾੜ ਕੇ ਘਰ ਅੰਦਰ ਦਾਖਲ ਹੋ ਗਈ, ਇਸ ਦੌਰਾਨ ਉਨ੍ਹਾਂ ਦੇ ਘਰ ਦੀ ਵਾਇਰਿੰਗ ਸੜ ਗਈ ਤੇ ਰਸੋਈ ਵਿਚ ਖੜੀ ਉਨ੍ਹਾਂ ਦੀ ਲੜਕੀ ਦੇ ਹੱਥ ਤੇ ਵੀ ਕੁਝ ਚੰਗਿਆੜੇ ਪੈ ਗਏ। ਬਿਜਲੀ ਨੇ ਹੋਰ ਵੀ ਕਈ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਵਿਚ ਪਿੰਡ ਦੇ ਸਰਪੰਚ ਇਕਬਾਲ ਸਿੰਘ ਖੋਸਾ ਦਾ ਡੀਵੀਆਰ, ਨਿਰੰਜਨ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਦਾ ਇਨਵਰਟਰ ਅਤੇ ਵਾਇਰਿੰਗ, ਸੁਖਪ੍ਰੀਤ ਸਿੰਘ ਖੋਸਾ ਪੁੱਤਰ ਰਘਬੀਰ ਸਿੰਘ ਦੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ, ਜਗਦੇਵ ਸਿੰਘ ਪੁੱਤਰ ਬਿਅੰਤ ਸਿੰਘ ਦੇ ਘਰ ਲੱਗਾ ਇਨਵਰਟਰ ਅਤੇ ਬਿਜਲੀ ਦਾ ਮੀਟਰ, ਸੁਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਸਾਰੇ ਘਰ ਦੀ ਵਾਇਰਿੰਗ ਸੜ ਗਈ। ਸਰਪੰਚ ਇਕਬਾਲ ਸਿੰਘ ਖੋਸਾ ਨੇ ਦੱਸਿਆ ਕਿ ਘਟਨਾ ਦੌਰਾਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ, ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਦੇ ਜਾਨੀ ਨੁਕਸਾਨ ਨਹੀਂ ਹੋਇਆ ਹੈ।