ਫਾਜ਼ਿਲਕਾ ਅਨਾਜ ਮੰਡੀ ਵਿੱਚ ਲਿਫਟਿੰਗ ਠੱਪ, ਸਟੋਰੇਜ ਲਈ ਜਗ੍ਹਾ ਘੱਟ
ਫਾਜ਼ਿਲਕਾ ਅਨਾਜ ਮੰਡੀ ਵਿੱਚ ਲਿਫਟਿੰਗ ਠੱਪ, ਸਟੋਰੇਜ ਲਈ ਜਗ੍ਹਾ ਘੱਟ
Publish Date: Mon, 04 May 2026 05:30 PM (IST)
Updated Date: Mon, 04 May 2026 05:32 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਅਨਾਜ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਅਤੇ ਕਮਿਸ਼ਨ ਏਜੰਟਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਜਾਣ ਕਾਰਨ ਸਟੋਰੇਜ ਲਈ ਜਗ੍ਹਾ ਘੱਟ ਪੈ ਰਹੀ ਹੈ ਅਤੇ ਮੰਡੀ ਦਾ ਰੋਜ਼ਾਨਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਕੰਮ ਠੱਪ ਹੋਣ ਕਾਰਨ ਮਜ਼ਦੂਰਾਂ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਮਜ਼ਦੂਰ ਸਿਕੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਉਹ ਹਰ ਰੋਜ਼ ਘਰੋਂ ਰੋਟੀ ਦਾ ਟਿਫਿਨ ਲੈ ਕੇ ਮੰਡੀ ਆ ਰਿਹਾ ਹੈ, ਪਰ ਸਾਰਾ ਦਿਨ ਵਿਹਲਾ ਬੈਠਣ ਤੋਂ ਬਾਅਦ ਖਾਲੀ ਹੱਥ ਘਰ ਪਰਤਣਾ ਪੈਂਦਾ ਹੈ। ਉਸਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਨਵਾਂ ਕੰਮ ਨਹੀਂ ਮਿਲ ਰਿਹਾ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਦੀ ਢਿੱਲ ਦਾ ਖਮਿਆਜ਼ਾ ਭੁਗਤ ਰਹੇ ਹਨ। 50 ਫੀਸਦੀ ਤੋਂ ਘੱਟ ਹੋਈ ਲਿਫਟਿੰਗ ਮਾਰਕੀਟ ਸੁਪਰਵਾਈਜ਼ਰ ਰਾਜਕੁਮਾਰ ਨੇ ਦੱਸਿਆ ਕਿ ਹੁਣ ਤੱਕ ਮੰਡੀ ਵਿੱਚ ਕੁੱਲ 70,167 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ ਇਸ ਵਿੱਚੋਂ ਸਿਰਫ਼ 30,312 ਮੀਟ੍ਰਿਕ ਟਨ ਕਣਕ ਦੀ ਹੀ ਲਿਫਟਿੰਗ ਹੋ ਸਕੀ ਹੈ। ਬੋਰੀਆਂ ਦੇ ਹਿਸਾਬ ਨਾਲ ਕੁੱਲ 14 ਲੱਖ 3 ਹਜ਼ਾਰ 340 ਬੋਰੀਆਂ ਵਿੱਚੋਂ ਕੇਵਲ 6 ਲੱਖ 62 ਹਜ਼ਾਰ 240 ਬੋਰੀਆਂ ਹੀ ਮੰਡੀ ਵਿੱਚੋਂ ਚੁੱਕੀਆਂ ਗਈਆਂ ਹਨ। ਇਸ ਤਰ੍ਹਾਂ ਅੱਧੀ ਤੋਂ ਵੱਧ ਫ਼ਸਲ ਅਜੇ ਵੀ ਮੰਡੀ ਵਿੱਚ ਪਈ ਹੋਈ ਹੈ। ਏਜੰਸੀਆਂ ਨੂੰ ਦੋ ਨੋਟਿਸ ਜਾਰੀ ਮੰਡੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਿਫਟਿੰਗ ਵਿੱਚ ਹੋ ਰਹੀ ਦੇਰੀ ਲਈ ਖਰੀਦ ਏਜੰਸੀਆਂ ਜ਼ਿੰਮੇਵਾਰ ਹਨ। ਇਸ ਸਬੰਧੀ ਸਬੰਧਤ ਏਜੰਸੀਆਂ ਨੂੰ ਦੋ ਨੋਟਿਸ ਜਾਰੀ ਕਰਕੇ ਜਲਦ ਤੋਂ ਜਲਦ ਲਿਫਟਿੰਗ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਮਾਰਕੀਟ ਸੁਪਰਵਾਈਜ਼ਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਲਿਫਟਿੰਗ ਦੀ ਰਫ਼ਤਾਰ ਵਿੱਚ ਤੇਜ਼ੀ ਨਾ ਆਈ ਤਾਂ ਸਬੰਧਤ ਏਜੰਸੀਆਂ ਖ਼ਿਲਾਫ਼ ਭਾਰੀ ਜੁਰਮਾਨੇ ਦੀ ਕਾਰਵਾਈ ਕੀਤੀ ਜਾਵੇਗੀ।