ਬੀਜੇਪੀ ਤੇ ਪੰਜਾਬ ਗਵਰਨਰ ਦੇ ਪੁਤਲੇ ਫੂਕੇ, ਕਿਸਾਨਾਂ ’ਤੇ ਕਾਰਵਾਈ ਦੀ ਨਿਖੇਧੀ
ਬੀਜੇਪੀ ਤੇ ਪੰਜਾਬ ਗਵਰਨਰ ਦੇ ਪੁਤਲੇ ਫੂਕੇ, ਕਿਸਾਨਾਂ ‘ਤੇ ਕਾਰਵਾਈ ਦੀ ਨਿਖੇਧੀ
Publish Date: Mon, 18 May 2026 04:14 PM (IST)
Updated Date: Mon, 18 May 2026 04:15 PM (IST)

ਦੀਪਕ ਕੁਮਾਰ ਡੀਕੇ, ਪੰਜਾਬੀ ਜਾਗਰਣ ਮੰਡੀ ਰੋੜਾ ਵਾਲੀ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਜੰਡਵਾਲਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ ਵਿੱਚ ਪਾਣੀਆਂ ਦੇ ਮਸਲੇ ਸਬੰਧੀ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ‘ਤੇ ਕੀਤੀ ਗਈ ਪੁਲਿਸ ਕਾਰਵਾਈ ਦੀ ਤਿੱਖੀ ਨਿਖੇਧੀ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਬਲਾਕ ਪ੍ਰਧਾਨ ਹਰਮੀਤ ਸਿੰਘ, ਬਲਰਾਜ ਸਿੰਘ, ਅੰਗਰੇਜ਼ ਸਿੰਘ ਜੰਡਵਾਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਖਜ਼ਾਨਚੀ ਜਸਕੌਰ ਸਿੰਘ, ਜ਼ਿਲ੍ਹਾ ਖਜ਼ਾਨਚੀ ਬਲਜੀਤ ਸਿੰਘ ਕੋਕਰੀ ਅਤੇ ਕਰਮਜੀਤ ਸਿੰਘ ਜੰਡਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਰੱਦ ਕਰਨਾ ਅਤੇ ਪੰਜਾਬ ਪੁਨਰਗਠਨ ਐਕਟ 1966 ਦੀਆਂ ਧਾਰਾਵਾਂ 78, 79 ਅਤੇ 80 ਨੂੰ ਜਾਰੀ ਰੱਖਣਾ ਪੰਜਾਬ ਨਾਲ ਧੱਕਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਰਾਜਪਾਲ ਭਵਨ ਵੱਲ ਸ਼ਾਂਤਮਈ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ, ਕੰਡਿਆਲੀ ਤਾਰ, ਪਾਣੀ ਦੀਆਂ ਬੌਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ, ਜਿਸ ਨਾਲ ਕਈ ਕਿਸਾਨ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪਿੰਡ-ਪਿੰਡ ਪੁਤਲੇ ਫੂਕੇ ਜਾ ਰਹੇ ਹਨ। ਇਸ ਮੌਕੇ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੇਜ ਸਿੰਘ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਮਿਹਨਤਕਸ਼ ਲੋਕਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਸੰਘਰਸ਼ ਦੇ ਰਾਹ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ।