ਫਾਜ਼ਿਲਕਾ ਵਿਖੇ ਵਕੀਲਾਂ ਦੀ 27 ਤੱਕ ਹੜਤਾਲ ’ਤੇ
ਫਾਜ਼ਿਲਕਾ ਵਿਖੇ ਵਕੀਲਾਂ ਦੀ 27 ਫਰਵਰੀ ਤੱਕ ਹੜਤਾਲ
Publish Date: Mon, 23 Feb 2026 05:54 PM (IST)
Updated Date: Mon, 23 Feb 2026 05:58 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਨੇ ਰਾਜ ਪੱਧਰੀ ਫੈਸਲੇ ਦਾ ਸਮਰਥਨ ਕਰਦੇ ਹੋਏ 23 ਫਰਵਰੀ ਤੋਂ 27 ਫਰਵਰੀ ਤੱਕ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਇਹ ਫੈਸਲਾ 20 ਫਰਵਰੀ ਨੂੰ ਹੋਈ ਉਸ ਸਾਂਝੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਅਤੇ ਤਹਿਸੀਲਾਂ ਦੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਸਕੱਤਰ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਨਿਆਂਇਕ ਸਹਾਇਤਾ ਰੱਖਿਆ ਵਕੀਲਾਂ ਦੀ ਨਿਯੁਕਤੀ, ਗ੍ਰਾਮ ਅਦਾਲਤਾਂ ਦੀ ਸਥਾਪਨਾ ਅਤੇ ਇਨ੍ਹਾਂ ਮਾਮਲਿਆਂ ਵਿੱਚ ਵਿਭਾਗੀ ਕਮੇਟੀ ਦੀ ਸੁਸਤੀ ਤੇ ਗੰਭੀਰ ਇਤਰਾਜ਼ ਜਤਾਇਆ ਗਿਆ। ਪ੍ਰਧਾਨ ਸੁਤੰਤਰ ਜੋਤ ਸਿੰਘ ਗਿੱਲ, ਉਪ ਪ੍ਰਧਾਨ ਜਗਦੀਸ਼ ਕੰਬੋਜ, ਸਕੱਤਰ ਮਹਾਵੀਰ ਭਾਟੀਵਾਲ, ਸਾਂਝੇ ਸਕੱਤਰ ਜੀਨਤ ਸੇਠੀ ਅਤੇ ਕੈਸ਼ੀਅਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿਸ਼ਿਆਂ ਤੇ ਪਹਿਲਾਂ ਵੀ ਕਈ ਵਾਰ ਲਿਖਤੀ ਇਤਰਾਜ਼ ਭੇਜੇ ਗਏ ਸਨ, ਪਰ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੇਰੁਖ਼ੀ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਲੰਬੇ ਸਮੇਂ ਤੋਂ ਲਟਕ ਰਹੇ ਮਹੱਤਵਪੂਰਨ ਮਾਮਲਿਆਂ ਤੇ ਮੀਟਿੰਗ ਨਾ ਬੁਲਾਉਣ ਅਤੇ ਸਮੇਂ ਸਿਰ ਫੈਸਲਾ ਨਾ ਲੈਣ ਕਾਰਨ ਸਮੁੱਚੇ ਵਕੀਲ ਭਾਈਚਾਰੇ ਵਿੱਚ ਭਾਰੀ ਰੋਸ ਹੈ। ਵਕੀਲਾਂ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਠੋਸ ਸਮੀਖਿਆ ਦੇ ਲਾਗੂ ਕੀਤੇ ਜਾ ਰਹੇ ਨਵੇਂ ਪ੍ਰਬੰਧ ਨਾ ਸਿਰਫ਼ ਅਵਿਵਹਾਰਕ ਹਨ, ਸਗੋਂ ਵਕਾਲਤ ਦੇ ਪੇਸ਼ੇ ਨੂੰ ਕਮਜ਼ੋਰ ਕਰਨ ਵਾਲੇ ਸਾਬਤ ਹੋ ਰਹੇ ਹਨ। ਇਸ ਕਾਰਨ ਸੂਬੇ ਭਰ ਦੇ ਵਕੀਲ ਆਪਣੇ ਆਪ ਨੂੰ ਬੇਸਹਾਰਾ ਅਤੇ ਅਣਗੌਲਿਆ ਮਹਿਸੂਸ ਕਰ ਰਹੇ ਹਨ। ਫਾਜ਼ਿਲਕਾ ਬਾਰ ਐਸੋਸੀਏਸ਼ਨ ਵੱਲੋਂ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ 23 ਤੋਂ 27 ਫਰਵਰੀ ਤੱਕ ਮੁਕੰਮਲ ਹੜਤਾਲ ਕਰਨਗੀਆਂ ਅਤੇ ਇਸ ਦੌਰਾਨ ਰਾਸ਼ਟਰੀ ਲੋਕ ਅਦਾਲਤ ਦਾ ਵੀ ਬਾਈਕਾਟ ਕੀਤਾ ਜਾਵੇਗਾ।