ਜ਼ਮੀਨੀ ਵਿਵਾਦ ਨੇ ਲਈ ਜਾਨ, ਪਰਿਵਾਰ ਦਾ ਫਲਾਈਓਵਰ ’ਤੇ ਲਾਇਆ ਧਰਨਾ
ਜ਼ਮੀਨੀ ਵਿਵਾਦ ਨੇ ਲਈ ਇੱਕ ਵਿਅਕਤੀ ਦੀ ਜਾਨ, ਇਨਸਾਫ਼ ਲਈ ਪਰਿਵਾਰ ਦਾ ਫਲਾਈਓਵਰ ’ਤੇ ਲਾਇਆ ਧਰਨਾ
Publish Date: Fri, 15 May 2026 08:06 PM (IST)
Updated Date: Fri, 15 May 2026 08:06 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਬਹਿਕ ਖਾਸ ਵਿੱਚ ਹੋਈ ਖੂਨੀ ਝੜਪ ਦੋਰਾਨ ਇੱਕ ਵਿਅਕਤੀ ਦੀ ਮੌਤ ਹੋਈ, ਜਿਸ ਤੋਂ ਬਾਅਦ ਮਾਹੌਲ ਤਣਾਭਰਪੂਰ ਬਣ ਗਿਆ। ਮ੍ਰਿਤਕ ਦੀ ਪਛਾਣ ਹਰਬੰਸ ਸਿੰਘ (55) ਪੁੱਤਰ ਗੁਲਾਬ ਰਾਮ ਵਾਸੀ ਪਿੰਡ ਰਾਮਸਿੰਘ ਜੱਟ ਵਾਲੀ ਵਜੋਂ ਹੋਈ ਹੈ, ਜੋ ਲੜਾਈ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਗੁੱਸਾ ਫੈਲ ਗਿਆ। ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਬਣੇ ਫਲਾਈਓਵਰ ’ਤੇ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰਕੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਅਤੇ ਤੁਰੰਤ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ। ਧਰਨੇ ਕਾਰਨ ਰੋਡ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।