ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਵਿਖੇ ਮਜ਼ਦੂਰ ਦਿਵਸ ਮਨਾਇਆ
ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਵਿਖੇ ਮਜ਼ਦੂਰ ਦਿਵਸ ਮਨਾਇਆ
Publish Date: Sat, 02 May 2026 04:57 PM (IST)
Updated Date: Sat, 02 May 2026 04:59 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਫਿਰੋਜ਼ਪੁਰ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਸਮਾਜ ਦੇ ਵਿਕਾਸ ਵਿਚ ਮਜ਼ਦੂਰ ਵਰਗ ਵੱਲੋਂ ਪਾਏ ਜਾਂਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਦੀ ਮਹੱਤਤਾ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਸੀ। ਭਗਤੀ ਭਜਨ ਗਰੁੱਪ ਅਤੇ ਕਾਲਜ ਦੇ ਸੰਸਥਾਪਕ ਧਰਮਪਾਲ ਬਾਂਸਲ ਨੇ ਸਾਰੇ ਮਜ਼ਦੂਰਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਦੀ ਉੱਨਤੀ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਜ਼ਦੂਰਾਂ ਦੇ ਸੰਘਰਸ਼ ਅਤੇ ਜੀਵਨ ’ਤੇ ਅਧਾਰਿਤ ਭਾਸ਼ਣ, ਜੋਸ਼ੀਲੀਆਂ ਕਵਿਤਾਵਾਂ ਅਤੇ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤੇ ਗਏ। ਕਾਲਜ ਪ੍ਰਬੰਧਕਾਂ ਵੱਲੋਂ ਸਹਾਇਕ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਮਜ਼ਦੂਰਾਂ ਨਾਲ ਮਿਲ ਕੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਅਤੇ ਸਮਾਜ ਨੂੰ ‘‘ਕਿਰਤ ਦੀ ਇੱਜ਼ਤ’’ ਕਰਨ ਦਾ ਅਹਿਮ ਸੰਦੇਸ਼ ਦਿੱਤਾ। ਸਮਾਗਮ ਦੇ ਅਖੀਰ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮਜ਼ਦੂਰ ਵਰਗ ਦੇ ਸਨਮਾਨ ਅਤੇ ਸਮਾਜਿਕ ਬਰਾਬਰੀ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸੋਨੂੰ, ਅਨਿਲ ਕੁਮਾਰ, ਅਮਰਜੀਤ ਕੌਰ, ਰਾਜਵਿੰਦਰ ਕੌਰ, ਦੀਪੂ, ਕਿਰਨਾ, ਪਰਵੀਨ, ਮਨਜਿੰਦਰ, ਵਿਪਨ ਕੁਮਾਰ, ਅਜੈ, ਬਿਲੂ, ਹੰਸਰਾਜ, ਸੁਰਜੀਤ, ਮੇਜਰ ਸਿੰਘ, ਕਰਨ, ਸੰਦੀਪ ਸਿੰਘ ਅਤੇ ਸੁੱਖਾ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਕਰਮਚਾਰੀ ਹਾਜ਼ਰ ਸਨ।