ਬਿਜਲੀ ਬਿੱਲ-2025 ਖ਼ਿਲਾਫ਼ ਜੁਆਇੰਟ ਐਕਸ਼ਨ ਕਮੇਟੀ ਨੇ ਕੱਢੀ ਚੇਤਨਾ ਰੈਲੀ
ਬਿਜਲੀ ਬਿੱਲ 2025 ਖ਼ਿਲਾਫ਼ ਫਿਰੋਜ਼ਪੁਰ ਵਿਚ ਜੁਆਇੰਟ ਐਕਸ਼ਨ ਕਮੇਟੀ ਦੀ ਚੇਤਨਾ ਰੈਲੀ
Publish Date: Sat, 14 Mar 2026 04:13 PM (IST)
Updated Date: Sat, 14 Mar 2026 04:15 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਇੰਜ. ਹਰਿੰਦਰ ਸਿੰਘ ਚਾਹਲ ਵਧੀਕ ਨਿਗਰਾਨ ਇੰਜੀਨੀਅਰ, ਰਮਨਦੀਪ ਸਿੰਘ ਲਾਹੌਰੀਆ ਸਰਕਲ ਪ੍ਰਧਾਨ ਟੀਐੱਸਯੂ ਅਤੇ ਇੰਜ. ਮਨਦੀਪ ਸਿੰਘ ਢੋਟ ਏਏਈ ਸਕੱਤਰ ਜੇਈ ਕੌਂਸਲ ਸਰਕਲ ਫਿਰੋਜ਼ਪੁਰ ਅਤੇ ਦੀ ਪ੍ਰਧਾਨਗੀ ਹੇਠ ਸਰਕਲ ਫਿਰੋਜ਼ਪੁਰ ਸਰਕਲ ਦਫਤਰ ਮੂਹਰੇ ਚੇਤਨਾ ਰੈਲੀ ਕੀਤੀ ਗਈ। ਜਿਸ ਵਿਚ ਬਿਜਲੀ ਬਿੱਲ 2025 ਦੇ ਵਿਰੋਧ ਵਿਚ ਵੱਖ-ਵੱਖ ਕਰਮਚਾਰੀ ਸੰਗਠਨਾਂ ਵੱਲੋਂ ਸੰਯੁਕਤ ਤੌਰ ’ਤੇ ਆਵਾਜ਼ ਬੁਲੰਦ ਕੀਤੀ ਗਈ। ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ ’ਤੇ ਫਿਰੋਜ਼ਪੁਰ ਸਰਕਲ ਦਫ਼ਤਰ ਦੇ ਸਾਹਮਣੇ ਚੇਤਨਾ ਰੈਲੀ ਕਰਵਾਈ ਗਈ, ਜਿਸ ਵਿਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਰੈਲੀ ਦੀ ਅਗਵਾਈ ਸਰਕਲ ਮੁੱਖੀ ਇੰਜੀਨੀਅਰ ਹਰਿੰਦਰ ਚਾਹਲ ਨੇ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਬਿਜਲੀ ਬਿਲ 2025 ਬਿਜਲੀ ਬੋਰਡ ਦੇ ਨਿੱਜੀਕਰਨ ਦਾ ਰਸਤਾ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਬਿਲ ਲਾਗੂ ਹੋਇਆ ਤਾਂ ਬਿਜਲੀ ਦੀਆਂ ਦਰਾਂ ਵਿਚ ਵੱਡਾ ਵਾਧਾ ਹੋ ਸਕਦਾ ਹੈ ਅਤੇ ਖਪਤਕਾਰਾਂ ਨੂੰ ਮਿਲ ਰਹੀ ਸਬਸਿਡੀ ਵੀ ਖਤਮ ਹੋ ਸਕਦੀ ਹੈ। ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਬਿਜਲੀ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਾਵਰਕਾਮ ਦੀਆਂ ਕੀਮਤੀ ਸੰਪਤੀਆਂ ਵੇਚਣ ਵੱਲ ਕਦਮ ਵਧਾ ਰਹੀ ਹੈ, ਜਦਕਿ ਇਹ ਸੰਪਤੀਆਂ ਲੋਕਾਂ ਦੇ ਸਹਿਯੋਗ ਨਾਲ ਬਣੀਆਂ ਹਨ। ਰੈਲੀ ਦੌਰਾਨ ਮੰਗ ਕੀਤੀ ਗਈ ਕਿ ਬਿਜਲੀ ਬਿਲ 2025 ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਪਾਵਰਕਾਮ ਤੇ ਟਰਾਂਸਕੋ ਦੀਆਂ ਸੰਪਤੀਆਂ ਦੀ ਵਿਕਰੀ ’ਤੇ ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ 800 ਮੈਗਾਵਾਟ ਦੇ ਥਰਮਲ ਪਲਾਂਟ ਦੀਆਂ ਦੋ ਯੂਨਿਟਾਂ ਸਰਕਾਰੀ ਪੱਧਰ ’ਤੇ ਹੀ ਲਗਾਈਆਂ ਜਾਣ ਅਤੇ ਨਿੱਜੀ ਕੰਪਨੀਆਂ ਨੂੰ ਤਰਜੀਹ ਨਾ ਦਿੱਤੀ ਜਾਵੇ। ਇਸ ਮੌਕੇ ਟੀਐੱਸਯੂ ਦੇ ਪੰਜਾਬ ਸਕੱਤਰ ਸ਼ਿੰਗਾਰਾ ਚੰਦ ਮਹਿਰੋਕ, ਸ਼ੇਰ ਸਿੰਘ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਰਵਿੰਦਰ ਕੁਮਾਰ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸ਼ਾਮ ਸਿੰਘ ਤੇ ਸੁਭਾਸ਼ ਚੰਦਰ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਰਮਚਾਰੀਆਂ ਅਤੇ ਲੋਕਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।