ਬਾਂਕੇ ਬਿਹਾਰੀ ਮੰਦਰ ਵਿਖੇ ਸਤਿਸੰਗ ’ਚ ਉਮੜੇ ਸ਼ਰਧਾਲੂ
ਬਾਂਕੇ ਬਿਹਾਰੀ ਮੰਦਰ ਵਿੱਚ ਜੈ ਗੁਰੂਜੀ ਸ਼ੁਕਰਾਨਾ ਸੰਸਥਾ ਵੱਲੋਂ ਸ਼ਾਨਦਾਰ ਸਤਿਸੰਗ, ਸ਼ਰਧਾਲੂਆਂ ਦਾ ਉਮੜਿਆ ਸੈਲਾਬ
Publish Date: Tue, 28 Apr 2026 05:36 PM (IST)
Updated Date: Tue, 28 Apr 2026 05:40 PM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਨਗਰ ਦੇ ਇਤਿਹਾਸਕ ਅਤੇ ਪ੍ਰਸਿੱਧ ਪੁਰਾਣੇ ਬਾਂਕੇ ਬਿਹਾਰੀ ਮੰਦਰ ਦੇ ਵਿਹੜੇ ਵਿੱਚ ਜੈ ਗੁਰੂਜੀ ਸ਼ੁਕਰਾਨਾ ਗੁਰੂਜੀ ਸੰਸਥਾ ਵੱਲੋਂ ਸਤਿਸੰਗ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਗੁਰੂ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ ਤੇ ‘ਓਮ ਨਮੋ ਸ਼ਿਵਾਏ’ ਮੰਤਰ ਦਾ ਜਾਪ ਹੋਇਆ। ਸਤਿਸੰਗ ਦੇ ਮੁੱਖ ਸੇਵਾਦਾਰ ਸੁਨੀਲ ਖੇੜਾ, ਡਾ. ਹਰੀਸ਼ ਗਰੋਵਰ, ਅੰਕੁਸ਼ ਕੁਮਾਰ ਅਤੇ ਗੁਰਪ੍ਰੀਤ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਲੁਧਿਆਣਾ ਦੇ ਡੁਗਰੀ ਅਤੇ ਦਿੱਲੀ ਦੇ ਛਤਰਪੁਰ ਸਥਿਤ ਗੁਰੂ ਜੀ ਦੇ ਵਿਸ਼ਾਲ ਮੰਦਰਾਂ ਵਿੱਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਉਨ੍ਹਾਂ ਲੰਗਰ ਪ੍ਰਸਾਦ ਦੀ ਮਹੱਤਤਾ ਬਾਰੇ ਕਿਹਾ ਕਿ ਗੁਰੂ ਜੀ ਦੇ ਦਰਬਾਰ ਵਿੱਚ ਆਉਣ ਵਾਲਾ ਹਰ ਸ਼ਰਧਾਲੂ ਪ੍ਰਸਾਦ ਗ੍ਰਹਿਣ ਕਰਦਾ ਹੈ, ਕਿਉਂਕਿ ਇਸ ਵਿੱਚ ਗੁਰੂ ਜੀ ਦਾ ਵਿਸ਼ੇਸ਼ ਆਸ਼ੀਰਵਾਦ ਮੰਨਿਆ ਜਾਂਦਾ ਹੈ। ਸਤਿਸੰਗ ਦੀ ਸਮਾਪਤੀ ਉਪਰੰਤ ਸਾਰੇ ਸ਼ਰਧਾਲੂਆਂ ਨੇ ਪੰਕਤੀਬੱਧ ਹੋ ਕੇ ਲੰਗਰ ਪ੍ਰਸਾਦ ਗ੍ਰਹਿਣ ਕੀਤਾ। ਇਸ ਤੋਂ ਪਹਿਲਾਂ ਸੰਗਤ ਵੱਲੋਂ ਗੁਰੂ ਜੀ ਦੀ ਆਰਤੀ ਕੀਤੀ ਗਈ ਅਤੇ ਆਸ਼ੀਰਵਾਦ ਲਿਆ ਗਿਆ। ਹਾਜ਼ਰ ਸ਼ਰਧਾਲੂਆਂ ਨੇ ਇਸ ਆਯੋਜਨ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਭਾਗਸ਼ਾਲੀ ਦੱਸਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸਤਿਸੰਗਾਂ ਵਿੱਚ ਨਿਰੰਤਰ ਭਾਗ ਲੈਣ ਦਾ ਸੰਕਲਪ ਲਿਆ। ਅੰਤ ਵਿੱਚ ਸੇਵਾਦਾਰ ਸੁਨੀਲ ਖੇੜਾ ਅਤੇ ਡਾ. ਹਰੀਸ਼ ਗਰੋਵਰ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।