ਵਿਦਿਆਰਥੀਆਂ ਲਈ ਕਾਨੂੰਨ ਤੇ ਪ੍ਰਸ਼ਾਸਨ ਨਾਲ ਸਬੰਧਿਤ ਨਵੇਂ ਕੋਰਸਾਂ ਦੀ ਸ਼ੁਰੂਆਤ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਕਾਨੂੰਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਨਵੇਂ ਕੋਰਸਾਂ ਦੀ ਸ਼ੁਰੂਆਤ
Publish Date: Sat, 14 Mar 2026 05:02 PM (IST)
Updated Date: Sat, 14 Mar 2026 05:06 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਕਾਨੂੰਨ ਅਤੇ ਪ੍ਰਸ਼ਾਸਨ ਨਾਲ ਸਬੰਧਿਤ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਯੂਨੀਵਰਸਿਟੀ ਪ੍ਰਬੰਧਨ ਅਨੁਸਾਰ ਇਹ ਕੋਰਸ ਖਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਣਗੇ, ਜੋ ਘਰ ਬੈਠੇ ਜਾਂ ਨੌਕਰੀ ਕਰਦੇ ਹੋਏ ਆਪਣੀ ਉੱਚ ਸਿੱਖਿਆ ਜਾਰੀ ਰੱਖਣਾ ਚਾਹੁੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜ਼ੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਕੋਰਸਾਂ ਵਿੱਚ ਸਰਟੀਫਿਕੇਟ ਇਨ ਹਿਊਮਨ ਰਾਈਟਸ ਐਂਡ ਡਿਊਟੀਜ਼, ਸਰਟੀਫਿਕੇਟ ਇਨ ਰਾਈਟ ਟੂ ਇਨਫੋਰਮੇਸ਼ਨ ਅਤੇ ਸਰਟੀਫਿਕੇਟ ਇਨ ਪਬਲਿਕ ਪਾਲਿਸੀ ਐਂਡ ਗਵਰਨੈਂਸ ਸ਼ਾਮਲ ਹਨ। ਇਸ ਦੇ ਨਾਲ ਹੀ ਲਾਅ ਨਾਲ ਸਬੰਧਿਤ ਹੋਰ ਕਈ ਡਿਪਲੌਮਾ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਪ੍ਰਸ਼ਾਸਕੀ ਖੇਤਰਾਂ ਬਾਰੇ ਵਧੀਆ ਜਾਣਕਾਰੀ ਮਿਲੇਗੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਤਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਘਰ ਬੈਠੇ ਇਹ ਕੋਰਸ ਕਰ ਕੇ ਆਪਣੀ ਯੋਗਤਾ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸੁਧਾਰ ਲਿਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਵਿਦਿਆਰਥੀਆਂ ਲਈ ਭਵਿੱਖ ਵਿੱਚ ਨਵੇਂ ਕਰੀਅਰ ਮੌਕੇ ਪੈਦਾ ਕਰਨ ਵਿੱਚ ਸਹਾਇਕ ਹੋਣਗੇ ਅਤੇ ਉਨ੍ਹਾਂ ਨੂੰ ਪਲੇਸਮੈਂਟ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਡਾ. ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੋ ਵਿਦਿਆਰਥੀ ਕਾਨੂੰਨ ਅਤੇ ਪਬਲਿਕ ਪਾਲਿਸੀ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਹ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈ ਕੇ ਇਸ ਮੌਕੇ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ ਜਾਂ ਰਿਜਨਲ ਸੈਂਟਰ ਸੰਤ ਕਬੀਰ ਕਾਲਜ ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ।