ਆਰਮੀ ਸਕੂਲਾਂ ’ਚ ਪੰਜਾਬੀ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਪੜ੍ਹਾਉਣਾ ਸ਼ਰੇਆਮ ਧੱਕਾ
ਆਰਮੀ ਸਕੂਲਾਂ ’ਚ ਪੰਜਾਬੀ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਦੀ ਲਾਜ਼ਮੀ ਪੜ੍ਹਾਈ ਸ਼ੁਰੂ ਕਰਨਾ ਪੰਜਾਬੀਆਂ ਨਾਲ ਸ਼ਰੇਆਮ ਧੱਕਾ
Publish Date: Sat, 16 May 2026 04:37 PM (IST)
Updated Date: Sat, 16 May 2026 04:39 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੇ ਇਸ ਫ਼ੈਸਲੇ ਖ਼ਿਲਾਫ਼ ‘ਸਾਹਿਤਕ ਸੰਸਥਾ ਕਲਾਪੀਠ ਫ਼ਿਰੋਜ਼ਪੁਰ’ ਤੇ ਬੁੱਧੀਜੀਵੀਆਂ ਨੇ ਤਿੱਖਾ ਰੋਸ ਪ੍ਰਗਟਾਉਂਦਿਆਂ ਇਸ ਨੂੰ ਪੰਜਾਬ ਦੇ ਭਾਸ਼ਾ ਕਾਨੂੰਨ ਦੀ ਸ਼ਰੇਆਮ ਉਲੰਘਣਾ ਦੱਸਿਆ ਹੈ। ਪੰਜਾਬ ਵਿਚ ਚੱਲ ਰਹੇ ਆਰਮੀ ਪਬਲਿਕ ਸਕੂਲਾਂ ਵੱਲੋਂ ਮਾਂ ਬੋਲੀ ਪੰਜਾਬੀ ਦੀ ਕੀਮਤ ’ਤੇ ਸੰਸਕ੍ਰਿਤ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਕਰਨ ਦੇ ਫ਼ੈਸਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਇਕ ਅਜਿਹੇ ਐਲਾਨਨਾਮੇ ’ਤੇ ਦਸਤਖ਼ਤ ਕਰਵਾਏ ਜਾ ਰਹੇ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਪੰਜਾਬੀ ਸਿਰਫ਼ ਇਕ ਵਾਧੂ (ਐਡੀਸ਼ਨਲ) ਵਿਸ਼ੇ ਵਜੋਂ ਪੜ੍ਹਨ ਦੀ ਸਹਿਮਤੀ ਦੇਣੀ ਪਵੇਗੀ। ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ‘ਕਲਾਪੀਠ ਫ਼ਿਰੋਜ਼ਪੁਰ’ ਨੇ ਇਸ ਧੱਕੇਸ਼ਾਹੀ ਵਾਲੇ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ। ਕਲਾਪੀਠ ਦੇ ਪ੍ਰਧਾਨ ਪ੍ਰੋ. ਜਸਪਾਲ ਘਈ, ਜਨਰਲ ਸਕੱਤਰ ਸੁਖਜਿੰਦਰ, ਪ੍ਰੋ. ਗੁਰਤੇਜ ਕੋਹਾਰਵਾਲਾ, ਪ੍ਰੋ. ਕੁਲਦੀਪ, ਰਾਜੀਵ ਖ਼ਿਆਲ, ਸੁਰਿੰਦਰ ਕੰਬੋਜ, ਸੁਖਦੇਵ ਭੱਟੀ ਅਤੇ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਤੋਂ ਵਾਂਝਾ ਕਰਨਾ ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ।