ਜੱਟ ਭਾਈਚਾਰੇ ਖ਼ਿਲਾਫ਼ ਵੀਡੀਓ ਪਾਉਣ ਦਾ ਵਿਰੋਧ
ਜੱਟ ਭਾਈਚਾਰੇ ਖਿਲਾਫ਼ ਟਾਰਗੇਟਡ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਅੰਤਰਰਾਸ਼ਟਰੀ ਜੱਟ ਭਾਈਚਾਰੇ ਦੀ ਪੁਲਸ ਨਾਲ ਹੋਈ ਮੀਟਿੰਗ
Publish Date: Wed, 18 Feb 2026 05:08 PM (IST)
Updated Date: Wed, 18 Feb 2026 05:12 PM (IST)

ਅੰਗਰੇਜ਼ ਭੁੱਲਰ,ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਜੱਟ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ‘ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ’ ਦੇ ਅਹੁਦੇਦਾਰਾਂ ਵੱਲੋਂ ਬੁੱਧਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ ਗਿਆ। ਜੱਟ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਫ਼ਿਰੋਜ਼ਪੁਰ ਦੇ ਐੱਸਸੀ ਭਾਈਚਾਰੇ ਦੇ ਇਕ ਪ੍ਰਧਾਨ ਵੱਲੋਂ ਜੱਟਾਂ ਖ਼ਿਲਾਫ਼ ਪਾਈਆਂ ਜਾ ਰਹੀਆਂ ਵੀਡਿਓਜ਼ ਤੋਂ ਬਾਜ਼ ਨਾ ਆਇਆ ਤਾਂ ਉਹ ਰੋਡ ਜਾਮ ਕਰ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਨਾਲ ਸਬੰਧਤ ਇਕ ਐਸੀ ਜਥੇਬੰਦੀ ਦੇ ਪ੍ਰਧਾਨ ਜੱਟ ਭਾਈਚਾਰੇ ਨੂੰ ਟਾਰਗੇਟ ਕਰਕੇ ਆਪਣੇ ਸੋਸ਼ਲ ਅਕਾਊਂਟਾਂ ਤੋਂ ਜੱਟ ਭਾਈਚਾਰੇ ਅਤੇ ਮਜ਼ਹਬੀ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਵਾਲੀਆਂ ਵੀਡੀਓਜ਼ ਪਾਏ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ।ਅਹੁਦੇਦਾਰਾਂ ਨੇ ਕਿਹਾ ਕਿ ਇਸ ਆਗੂ ਪਿੰਡਾਂ ਦੀਆਂ ਆਮ ਲੜਾਈਆਂ ਨੂੰ ਵੀ ਉਹ ਜਾਤੀ ਰੰਗਤ ਦੇ ਕੇ ਹਰ ਮਸਲੇ ਦੇ ਵਿਚ ਐੱਸਸੀ ਐਸਟੀ ਐਕਟ ਲਵਾਉਣ ਦੀ ਗੱਲ ਕਰਦਾ ਹੈ। ਜਦ ਕਿ ਜਿਹੜੇ ਪੰਜਾਬ ਪੁਲਿਸ ਵੱਲੋਂ ਪੁਰਾਣੇ ਕੋਈ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਦੇ ਵੀ ਕਰੌਸ ਪਰਚੇ ਦਿੱਤੇ ਗਏ ਹਨ, ਉਨ੍ਹਾਂ ਵਿਚ ਵੀ ਐੱਸਸੀ ਐਕਟ ਲਵਾਉਣ ਲਈ ਪ੍ਰਸ਼ਾਸਨ ’ਤੇ ਦਬਾਅ ਪਾ ਰਿਹਾ ਹੈ। ਇਹ ਆਗੂ ਪ੍ਰਸ਼ਾਸਨ ਨੂੰ ਧਰਨਿਆਂ ਦੀਆਂ ਧਮਕੀਆਂ ਦੇ ਕੇ ਜੱਟ ਭਾਈਚਾਰੇ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਇੱਕ ਮੁਹਿੰਮ ਵਿੱਢ ਰਿਹਾ ਹੈ , ਜਿਸ ਦਾ ਜੱਟ ਸਿੱਖ ਭਾਈਚਾਰੇ ਵੱਲੋਂ ਪੁਰਜ਼ੋਰ ਵਿਰੋਧ ਕਰਦੇ ਹਾਂ। ਅੱਜ ਇਕੱਤਰ ਹੋਈ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ, ਸਰਪੰਚ ਯੂਨੀਅਨ ਦੇ ਆਗੂਆਂ, ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਇੱਕ ਵਫਦ ਮਾਨਯੋਗ ਐੱਸਐੱਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਪਹੁੰਚਿਆ। ਐੱਸਐੱਸਪੀ ਫ਼ਿਰੋਜ਼ਪੁਰ ਦੀ ਗ਼ੈਰ ਹਾਜ਼ਰੀ ਵਿਚ ਐੱਸਪੀਡੀ ਫਿਰੋਜ਼ਪੁਰ ਮਨਜੀਤ ਸਿੰਘ ਹੋਰਾਂ ਨੇ ਮੰਗ ਪੱਤਰ ਲਿਆ। ਜੱਟ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਪੁਲਸ ਅਧਿਕਾਰੀ ਨੂੰ ਡਿਟੇਲ ਵਿੱਚ ਸਾਰੀ ਗੱਲ ਦੱਸੀ ਗਈ ਕਿ ਜੇ ਇਹ ਵਿਅਕਤੀ ਜੱਟ ਸਿੱਖ ਭਾਈਚਾਰੇ ਦੇ ਖਿਲਾਫ ਭੰਡੀ ਪ੍ਰਚਾਰ ਕਰਨ, ਝੂਠੀਆਂ ਵੀਡੀਓਜ਼ ਅਤੇ ਜੱਟ ਭਾਈਚਾਰੇ ਦੇ ਖਿਲਾਫ ਐਸਸੀ ਐਸਟੀ ਐਕਟ ਦੇ ਝੂਠੇ ਪਰਚੇ ਦਰਜ ਕਰਾਉਣੋਂ ਬਾਜ ਨਾ ਆਇਆ ਤਾਂ ਜੱਟ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ ਅਤੇ ਜੱਟ ਸਿੱਖ ਭਾਈਚਾਰਾ ਸਮੁੱਚੇ ਜਨਰਲ ਵਰਗ ਦੀ ਆਵਾਜ਼ ਚੁੱਕਦੇ ਹੋਏ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢੇਗਾ। ਓਧਰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਜਲਦੀ ਹੀ ਕਿਸੇ ਵੀ ਸ਼ਰਾਰਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਆਪਸੀ ਤੇ ਭਾਈਚਾਰਕ ਸਾਂਝ ਖਰਾਬ ਹੋਣ ਦਿੱਤੀ ਜਾਵੇਗੀ। ਇਸ ਮੌਕੇ ਅੰਤਰਰਾਸ਼ਟਰੀ ਜੱਟ ਸਿੱਖ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੇ ਨਾਲ ਸਾਰਜ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ, ਰਾਜਦੀਪ ਸਿੰਘ ਸੰਧੂ ਸਾਬਕਾ ਸਰਪੰਚ ਰੱਤਾ ਖੇੜਾ, ਹਰਪਾਲ ਸਿੰਘ ਜਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੰਗਲ ਸਿੰਘ ਸਵਾਈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬਲਜੀਤ ਸਿੰਘ ਸੰਧੂ ਪੱਲਾ ਮੇਘਾ, ਦਿਲਪ੍ਰੀਤ ਸਿੰਘ ਸਿੱਧੂ ਕਿਲਚੇ, ਮਨਜੀਤ ਸਿੰਘ ਧੰਜੂ ਕੰਬੋਜ ਭਾਈਚਾਰਾ, ਟਹਿਲ ਸਿੰਘ ਛੀਨਾ ਸਮੇਤ ਸੈਂਕੜੇ ਜੱਟ ਸਿੱਖ ਭਾਈਚਾਰੇ ਦੇ ਆਗੂ ਮੌਜ਼ੂਦ ਸਨ।