ਕਾਲਜ ਦੀ ਗਰਾਉਂਡ ’ਚੋਂ ਧੱਕੇ ਨਾਲ ਰਸਤਾ ਕੱਢਣ ਦਾ ਵਿਆਰਥਣਾਂ ਵੱਲੋਂ ਵਿਰੋਧ
ਕਾਲਜ 'ਚ ਧੱਕੇ ਨਾਲ ਰਸਤਾ ਕੱਢਣ ਦੀ ਬਜਾਏ, ਸਰਕਾਰੀ ਕਾਲਜ ਦੀ ਪੱਕੀ ਮਾਨਤਾ ਲਈ ਜ਼ੋਰ ਲਾਉਣ ਸੱਤਾ ਧਿਰ ਦੇ ਆਗ
Publish Date: Mon, 04 May 2026 04:23 PM (IST)
Updated Date: Mon, 04 May 2026 04:26 PM (IST)

ਹੈਪੀ ਕਾਠਪਾਲ/ਬੰਪਲ ਭਠੇਜਾ ਜਲਾਲਾਬਾਦ : ਸਥਾਨਕ ਸਰਕਾਰੀ ਲੜਕੀਆਂ ਦੇ ਕਾਲਜ ਦੀ ਖੇਡ ਗਰਾਉਂਡ ਵਾਲੀ ਜਗ੍ਹਾ ’ਚੋਂ ਨਜਾਇਜ਼ ਤੌਰ ਤੇ ਧੱਕੇ ਨਾਲ ਰਸਤਾ ਕੱਢਣ ਨੂੰ ਲੈ ਕੇ ਭਾਵੇਂ ਕਾਲਜ ਪ੍ਰਸ਼ਾਸਨ ਵੱਲੋਂ ਕਾਲਜ ਦੀ ਜ਼ਮੀਨ ਦੇਣ ਤੋਂ ਸਿੱਧਾ ਜਵਾਬ ਦਿੱਤਾ ਜਾ ਚੁੱਕਿਆ ਹੈ, ਇਸ ਦੇ ਬਾਵਜੂਦ ਸੱਤਾ ਧਿਰ ਦੇ ਆਗੂਆਂ ਦੇ ਦਬਾਅ ਹੇਠ ਪ੍ਰਸ਼ਾਸਨ ਰਸਤਾ ਕਢਵਾਉਣ ਲਈ ਅੜਿਆ ਹੋਇਆ ਹੈ। ਇਸ ਦੇ ਵਿਰੋਧ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਵੱਲੋਂ ਸ਼ੁਰੂ ਕੀਤੇ ਸੰਘਰਸ਼ ਤਹਿਤ ਕਾਲਜ ਵਿਦਿਆਰਥਣਾਂ ਨੇ ਮਨੁੱਖੀ ਲੜੀ ਬਣਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਏਆਈਐਸਐਫ ਦੇ ਸਾਬਕਾ ਕੌਮੀ ਪ੍ਰਧਾਨ ਐਡਵੋਕੇਟ ਪਰਮਜੀਤ, ਸੂਬਾ ਖਜਾਨਚੀ ਸੰਜਨਾ ਢਾਬਾਂ,ਕਾਲਜ ਦੀ ਵਿਦਿਆਰਥਣ ਖੁਸ਼ਨੀਤ ਕੌਰ,ਕਾਜਲ ਰਾਣੀ, ਮਹਿਕਦੀਪ ਕੌਰ,ਪਾਇਲ, ਸ਼ੀਨੂ ਅਤੇ ਮਮਤਾ ਨੇ ਕੀਤੀ। ਕਾਲਜ ਦੀਆਂ ਵਿਦਿਆਰਥਨਾਂ ਵੱਲੋਂ ਕਾਲਜ ਦੇ ਗੇਟ ਤੋਂ ਬਾਹਰ ਇੱਕ ਮਨੁੱਖੀ ਘੜੀ ਬਣਾਈ ਗਈ ਅਤੇ ਉਹਨਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਗੱਲਬਾਤ ਕਰਦਿਆਂ ਏਆਈਐਸਐਫ ਦੇ ਆਗੂ ਅਤੇ ਨੌਜਵਾਨ ਸਭਾ ਦੇ ਆਗੂ ਸੋਨਾ ਧੁੰਨਕੀਆਂ ਨੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਸੱਤਾ ਧਿਰ ਦੇ ਨੁਮਾਇੰਦਿਆਂ ਨੂੰ ਕਾਲਜ ਵਿੱਚੋਂ ਧੱਕੇ ਨਾਲ ਰਸਤਾ ਕੱਢਣ ਦੀ ਕੋਸ਼ਿਸ਼ ਕਰਨ ਦੀ ਬਜਾਏ,ਇਸ ਦੀ ਮਾਨਤਾ ਬਚਾਉਣ ਲਈ ਜ਼ੋਰ ਲਾਉਣਾ ਚਾਹੀਦਾ ਹੈ ਕਿਉਂਕਿ ਕਿ ਇਲਾਕੇ ਦੀਆਂ ਲੜਕੀਆਂ ਲਈ ਸੰਘਰਸ਼ ਨਾਲ ਸ਼ੁਰੂ ਕਰਵਾਏ ਕਾਲਜ ਨੂੰ 13 ਸਾਲਾਂ ਤੋਂ ਅਸਥਾਈ ਮਾਨਤਾ ਮਿਲ ਰਹੀ ਹੈ। ਇਸ ਮੌਕੇ ਵਿਦਿਆਰਥਣਾਂ ਦੀ ਆਗੂ ਸੰਜਨਾ ਢਾਬਾਂ ਅਤੇ ਖੁਸ਼ਨੀਤ ਕੌਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਰਾਜਨੀਤਕ ਆਗੂ ਦੇ ਮਨ ਵਿੱਚ ਭੁਲੇਖਾ ਹੋਵੇ ਕਿ ਕਾਲਜ ਦੀ ਜ਼ਮੀਨ ਵਿੱਚੋਂ ਧੱਕੇ ਨਾਲ ਰਸਤਾ ਕੱਢ ਕੇ ਕਾਲਜ ਦੀ ਮਾਨਤਾ ਨੂੰ ਖ਼ਤਰੇ ਵਿੱਚ ਪਾਇਆ ਜਾਵੇਗਾ,ਤਾਂ ਇਹ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੀ ਮਹਿਲਾ ਵਿੰਗ ਦੀ ਆਗੂ ਰਾਜ ਕੌਰ ਚੱਕ ਸੈਦੋਕਾ,ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਸੰਦੀਪ ਜੋਧਾ, ਰਾਜਵਿੰਦਰ ਅਰਨੀਵਾਲਾ ਤੇ ਸੰਗਤ ਬਸਤੀ ਮੋਹਰੀ ਵਾਲਾ ਨੇ ਵੀ ਸੰਬੋਧਨ ਕੀਤਾ।