ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੱਕ ਆਉਂਦੀਆਂ ਸਰੀਰ ਵਿਚ ਹਾਰਮੋਨਜ਼ ਦੀਆਂ ਤਬਦੀਲੀਆਂ ਹੋਣ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਬਣਤਰ ਵਿਚ ਵੀ ਬਦਲਾਓ ਆਉਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਡਾ. ਰੇਖਾ ਭੱਟੀ ਦੀ ਅਗਵਾਈ ’ਚ ਸੀਐੱਚਸੀ ਫਿਰੋਜ਼ਸ਼ਾਹ ਅਧੀਨ ਆਉਂਦੇ ਵੱਖ-ਵੱਖ ਆਯੁਸ਼ਮਾਨ ਅਰੋਗਿਆ ਕੇਂਦਰ ਵਿਖੇ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਬਦਲਾਅ, ਸਮੱਸਿਆਂਵਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਕੂਲੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਖਾ ਭੱਟੀ ਅਤੇ ਡਾ. ਅਭੈਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ 10 ਤੋਂ 19 ਸਾਲ ਦੇ ਲੜਕੇ ਲੜਕੀਆਂ ਆਉਂਦੇ ਹਨ, ਜੋ ਸਾਡੇ ਦੇਸ਼ ਦੀ ਕੁੱਲ ਅਬਾਦੀ ਦਾ ਕਰੀਬ 20 ਫੀਸਦੀ ਹਿੱਸਾ ਹਨ।
ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੱਕ ਆਉਂਦੀਆਂ ਸਰੀਰ ਵਿਚ ਹਾਰਮੋਨਜ਼ ਦੀਆਂ ਤਬਦੀਲੀਆਂ ਹੋਣ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਬਣਤਰ ਵਿਚ ਵੀ ਬਦਲਾਓ ਆਉਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜੀਵਨ ਦੀ ਇਕ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਤੋਂ ਘਬਰਾਉਣ ਦੀ ਕੋਈ ਗੱਲ ਨਹੀ ਹੁੰਦੀ। ਇਸ ਸਮੇਂ ਦੌਰਾਨ ਲੜਕੀਆਂ ਵਿਚ ਮਹਾਂਵਾਰੀ ਸ਼ੁਰੂ ਹੋਣ ਨਾਲ ਆਉਂਦੀਆਂ ਤਕਲੀਫਾਂ ਤੋਂ ਬਚਾਅ ਤੇ ਸਾਭ ਸੰਭਾਲ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਇਸ ਸਰੀਰਕ ਬਦਲਾਓ ਤੋਂ ਪਤਾ ਚੱਲਦਾ ਹੈ ਕਿ ਸਰੀਰ ਦਾ ਵਿਕਾਸ ਸਹੀ ਢੰਗ ਨਾਲ ਹੋ ਰਿਹਾ ਹੈ।
ਇਸ ਉਮਰ ਦੌਰਾਨ ਮਾਪਿਆਂ ਅਤੇ ਅਧਿਆਪਕਾ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਅਤੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਇਕ ਦੋਸਤ ਦੀ ਤਰ੍ਹਾਂ ਸਮਝਣਾ ਅਤੇ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਮਾਪਿਆ ਅਤੇ ਅਧਿਆਪਕਾ ਨਾਲ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਬੇਝਿਜਕ ਹੋ ਕੇ ਸਾਂਝੀ ਕਰ ਸਕਣ। ਜੇਕਰ ਕੋਈ ਦਿੱਕਤ ਆਵੇ ਤਾਂ ਨਜਦੀਕੀ ਮਹਿਲਾ ਮੈਡੀਕਲ ਅਫਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਸੀਐੱਚਓ ਨੇ ਦੱਸਿਆ ਕਿ ਸਭ ਦੇ ਸਰੀਰ ਦੇ ਮਹਾਂਵਾਰੀ ਚੱਕਰ ਵੱਖਰੇ ਵੱਖਰੇ ਹੁੰਦੇ ਹਨ।
ਮਹਾਂਵਾਰੀ ਚੱਕਰ ਦੌਰਾਨ ਸੈਨਟਰੀ ਨੈਪਕਿੰਨ ਦੇ ਲਾਭ ਦੱਸਦੇ ਹੋਏ ਕਿਹਾ ਕਿ ਹਰ ਪਿੰਡ ਵਿਚ ਆਸ਼ਾ ਵਰਕਰ ਕੋਲ ਸੈਨੇਟਰੀ ਨੈਪਕਿਨ ਉਪਲਬੱਧ ਹੁੰਦੇ ਹਨ ਜਾਂ ਫਿਰ ਬਾਜ਼ਾਰ ’ਚੋਂ ਵੀ ਮਿਲ ਜਾਂਦੇ ਹਨ। ਵਰਤੇ ਹੋਏ ਸੈਨੇਟਰੀ ਨੈਪਕਿਨ ਨੂੰ ਧੋਣਾ ਜਾਂ ਸੁਕਾਉਣਾ ਨਹੀ ਹੁੰਦਾ। ਵਿਦਿਆਰਥਣਾਂ ਨੂੰ ਆਪਣੇ ਸਰੀਰ ਦੀ ਨਿੱਜੀ ਸਫਾਈ ਦੇ ਢੰਗ ਤਰੀਕੇ ਦੱਸਦਿਆ ਕਿਹਾ ਕਿ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਈ ਤਰ੍ਹਾਂ ਦੀ ਇੰਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ। ਇਹ ਇੰਨਫੈਕਸ਼ਨ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਕਈ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ।