ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਆਪਣੇ ਪਿੰਡ ਜੈਮਲ ਵਾਲਾ ਪੁੱਜੇ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਆਪਣੇ ਪਿੰਡ ਜੈਮਲ ਵਾਲਾ ਪਹੁੰਚੇ, ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ
Publish Date: Sat, 28 Feb 2026 07:57 PM (IST)
Updated Date: Sat, 28 Feb 2026 07:58 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅੱਜ ਆਪਣੇ ਪਿੰਡ ਜੈਮਲ ਵਾਲਾ ਪਹੁੰਚ ਗਏ। ਉਨ੍ਹਾਂ ਦੇ ਆਉਣ ਨਾਲ ਸਾਰੇ ਪਿੰਡ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਬੜੇ ਪਿਆਰ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਤੇ ਆਪਣੇ ਵਿਚਕਾਰ ਦੇਸ਼ ਦੇ ਕਪਤਾਨ ਨੂੰ ਦੇਖ ਕੇ ਮਾਣ ਮਹਿਸੂਸ ਕੀਤਾ। ਇਸ ਮੌਕੇ ਸ਼ੁਭਮਨ ਗਿੱਲ ਨੇ ਪਿੰਡ ਦੇ ਬਜ਼ੁਰਗਾਂ ਤੋਂ ਅਸੀਸ ਲਈ ਤੇ ਨੌਜਵਾਨਾਂ ਤੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਖ਼ਾਸ ਤੌਰ ’ਤੇ ਕ੍ਰਿਕਟ ਸਿੱਖ ਰਹੇ ਬੱਚਿਆਂ ਨਾਲ ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਮਿਹਨਤ, ਅਨੁਸ਼ਾਸਨ ਤੇ ਸਬਰ ਦੀ ਅਹਿਮੀਅਤ ਸਮਝਾਈ। ਉਨ੍ਹਾਂ ਕਿਹਾ ਕਿ ਸਫਲਤਾ ਇਕ ਦਿਨ ’ਚ ਨਹੀਂ ਮਿਲਦੀ, ਸਗੋਂ ਲਗਾਤਾਰ ਅਭਿਆਸ ਤੇ ਮਜ਼ਬੂਤ ਇਰਾਦਿਆਂ ਨਾਲ ਹਾਸਲ ਹੁੰਦੀ ਹੈ। ਗਿੱਲ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਾਈ ਤੇ ਖੇਡ ਦੋਵਾਂ ਨੂੰ ਸੰਤੁਲਿਤ ਰੱਖਦਿਆਂ ਆਪਣੇ ਟੀਚੇ ਵੱਲ ਵਧਦੇ ਰਹਿਣ। ਪਿੰਡ ਦੇ ਨੌਜਵਾਨਾਂ ਨੇ ਉਨ੍ਹਾਂ ਤੋਂ ਕ੍ਰਿਕਟ ਤਕਨੀਕ, ਫਿਟਨੈੱਸ ਤੇ ਮਾਨਸਿਕ ਮਜ਼ਬੂਤੀ ਨਾਲ ਜੁੜੇ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਵਿਸਥਾਰ ਨਾਲ ਜਵਾਬ ਦਿੱਤਾ। ਬੱਚਿਆਂ ਨੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ ਤੇ ਆਟੋਗ੍ਰਾਫ਼ ਲਏ। ਪਿੰਡ ਵਾਸੀਆਂ ਨੇ ਕਿਹਾ ਕਿ ਸ਼ੁਭਮਨ ਗਿੱਲ ਦੀਆਂ ਪ੍ਰਾਪਤੀਆਂ ਸਾਰੇ ਇਲਾਕੇ ਲਈ ਪ੍ਰੇਰਨਾ ਹਨ ਤੇ ਉਨ੍ਹਾਂ ਦਾ ਪਿੰਡ ਆਉਣਾ ਨੌਜਵਾਨਾਂ ਲਈ ਨਵੀਂ ਊਰਜਾ ਲੈ ਕੇ ਆਇਆ ਹੈ। ਪਿੰਡ ’ਚ ਇਸ ਦੌਰੇ ਨੂੰ ਲੈ ਕੇ ਲੰਬੇ ਸਮੇਂ ਤੱਕ ਚਰਚਾ ਦਾ ਮਾਹੌਲ ਬਣਿਆ ਰਿਹਾ।