ਓਟ ਸੈਂਟਰ ਆਊਟਸੋਰਸ ਮੁਲਾਜ਼ਮਾਂ ਨੇ ਸਪੀਕਰ ਨੂੰ ਦੱਸੀਆਂ ਸਮੱਸਿਆਵਾਂ
ਮੀਟਿੰਗ ਦੌਰਾਨ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਯੂਨੀਅਨ ਆਗੂਆਂ ਨੇ ਓਟ ਸੈਂਟਰਾਂ ਵਿਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਅਤੇ ਮੁਸ਼ਕਿਲਾਂ ਨੂੰ ਸਪੀਕਰ ਸੰਧਵਾਂ ਦੇ ਸਾਹਮਣੇ ਵਿਸਥਾਰਪੂਰਵਕ ਰੱਖਿਆ।
Publish Date: Sat, 30 May 2026 05:01 PM (IST)
Updated Date: Sat, 30 May 2026 05:02 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡੀ-ਅਡਿਕਸ਼ਨ, ਰੀਹੈਬਿਲੀਟੇਸ਼ਨ ਸੋਸਾਇਟੀ, ਓਟ ਸੈਂਟਰ ਆਊਟਸੋਰਸ ਯੂਨੀਅਨ ਪੰਜਾਬ ਦੇ ਵਫ਼ਦ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਇਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕੀਤੀ ਗਈ। ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਸੰਜੀਦਾ ਨੋਟਿਸ ਲੈਂਦਿਆਂ, ਮਾਨਯੋਗ ਸਪੀਕਰ ਸਾਹਿਬ ਨੇ ਖੁਦ ਯੂਨੀਅਨ ਦੇ ਆਗੂਆਂ ਨੂੰ ਇਸ ਮੀਟਿੰਗ ਲਈ ਸੱਦਾ ਦਿੱਤਾ ਸੀ। ਮੀਟਿੰਗ ਦੌਰਾਨ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਯੂਨੀਅਨ ਆਗੂਆਂ ਨੇ ਓਟ ਸੈਂਟਰਾਂ ਵਿਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਅਤੇ ਮੁਸ਼ਕਿਲਾਂ ਨੂੰ ਸਪੀਕਰ ਸੰਧਵਾਂ ਦੇ ਸਾਹਮਣੇ ਵਿਸਥਾਰਪੂਰਵਕ ਰੱਖਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਲਾਜ਼ਮਾਂ ਪੱਖੀ ਪਹੁੰਚ ਅਪਣਾਉਂਦੇ ਹੋਏ ਸਾਰੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਅਤੇ ਹਮਦਰਦੀ ਨਾਲ ਸੁਣਿਆ। ਉਨ੍ਹਾਂ ਨੇ ਯੂਨੀਅਨ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਸਰਕਾਰ ਦੇ ਸਨਮੁੱਖ ਰੱਖ ਕੇ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਇਆ ਜਾਵੇਗਾ। ਇਸ ਉੱਚ ਪੱਧਰੀ ਮੀਟਿੰਗ ਵਿਚ ਯੂਨੀਅਨ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ, ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸੁਰਿੰਦਰ ਸਿੰਘ ਲਾਡਾ, ਆਰਗਨਾਈਜ਼ਰ ਸਨੀ ਦਿਓਲ ਅਤੇ ਯੂਥ ਆਗੂ ਮਹਿਕਦੀਪ ਸਿੰਘ ਫਰੀਦਕੋਟ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਟੀਮ ਵੱਲੋਂ ਮੀਡੀਆ ਇੰਚਾਰਜ਼ ਗੁਰਪ੍ਰੀਤ ਸਿੰਘ ਅਤੇ ਸਕੱਤਰ ਦੀਪਕ ਰਾਵਤ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਯੂਨੀਅਨ ਆਗੂਆਂ ਨੇ ਮੀਟਿੰਗ ਨੂੰ ਬੇਹੱਦ ਸਫ਼ਲ ਅਤੇ ਉਤਸ਼ਾਹਜਨਕ ਦੱਸਦਿਆਂ ਕਿਹਾ ਕਿ ਸਪੀਕਰ ਸਾਹਿਬ ਦਾ ਵਤੀਰਾ ਬਹੁਤ ਹੀ ਸਕਾਰਾਤਮਕ ਰਿਹਾ ਹੈ। ਉਨ੍ਹਾਂ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ ਯੂਨੀਅਨ ਦੀ ਮਜ਼ਬੂਤੀ ਅਤੇ ਏਕਤਾ ਸਦਕਾ ਹੀ ਅੱਜ ਪ੍ਰਸ਼ਾਸਨ ਸਾਡੀ ਆਵਾਜ਼ ਸੁਣਨ ਲਈ ਮਜ਼ਬੂਰ ਹੋਇਆ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਸਾਰਥਕ ਸਿੱਟੇ ਸਾਹਮਣੇ ਆਉਣਗੇ।