20 ਨੁਕਾਤੀ ਪ੍ਰੋਗਰਾਮ ਨਾਲ ਚੋਣ ਮੈਦਾਨ ’ਚ ਨਿੱਤਰਨ ਦਾ ਐਲਾਨ
ਮਮਦੋਟ ਵਿਖੇ ਅਧਿਕਾਰ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ
Publish Date: Wed, 29 Apr 2026 05:01 PM (IST)
Updated Date: Wed, 29 Apr 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਸੂਬੇ ਦੀਆਂ ਰਵਾਇਤੀ ਅਤੇ ਨਵੀਆਂ ਸਿਆਸੀ ਧਿਰਾਂ ਨੇ ਆਪਣੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਫਿਰੋਜ਼ਪੁਰ ਦੇ ਮਮਦੋਟ ਖੇਤਰ ਵਿਚ ‘ਅਧਿਕਾਰ ਸੰਘਰਸ਼ ਕਮੇਟੀ’ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਹੈ ਕਿ ਪੰਜਾਬ ਦੇ ਦਲਿਤ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਇੱਕਜੁੱਟ ਹੋ ਕੇ ਚੋਣਾਂ ਲੜਨ ਦਾ ਅਹਿਦ ਲਿਆ ਹੈ। ਇਹ ਗਠਜੋੜ ‘ਪੰਜਾਬ ਪ੍ਰਗਤੀਸ਼ੀਲ ਅਲਾਇੰਸ’ (ਪੀਪੀਏ) ਦੇ ਬੈਨਰ ਹੇਠ ਸੂਬੇ ਦੀ ਸਿਆਸਤ ਵਿਚ ਇਕ ਨਵਾਂ ਬਦਲ ਪੇਸ਼ ਕਰਨ ਲਈ ਤਿਆਰ ਹੈ। ਭਿੰਡਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਨੂੰ ਕਈ ਮੌਕੇ ਦਿੱਤੇ ਹਨ, ਹੁਣ ਇਕ ਵਾਰ ਇਸ ਲੋਕ-ਪੱਖੀ ਗਠਜੋੜ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ‘ਅਧਿਕਾਰ ਸੰਘਰਸ਼ ਪਾਰਟੀ’ ਹਰ ਵਰਗ ਦੇ ਸਤਿਕਾਰ ਅਤੇ ਬਰਾਬਰੀ ਦੇ ਹੱਕਾਂ ਦੀ ਰਾਖੀ ਕਰੇਗੀ।