ਸਮਾਂ ਰਹਿੰਦਿਆਂ ਨਾ ਸੰਭਲੇ ਤਾਂ ਪਹਾੜਾਂ ਦਾ ਪਾਣੀ ਬਣੇਗਾ ‘ਵਾਟਰ ਬੰਬ’, ਹਬੀਬ ਕੇ ਬੰਨ੍ਹ ਵੀ ਨਾਜ਼ੁਕ
ਸਮਾਂ ਰਹਿੰਦਿਆਂ ਨਾ ਸੰਭਲੇ ਤਾਂ ਪਹਾੜਾਂ ਦਾ ਪਾਣੀ ਬਣੇਗਾ ‘ਵਾਟਰ ਬੰਬ’
Publish Date: Mon, 23 Feb 2026 06:59 PM (IST)
Updated Date: Mon, 23 Feb 2026 07:01 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅਗਸਤ 2025 ਦੇ ਭਿਆਨਕ ਹੜ੍ਹਾਂ ਦੌਰਾਨ ਭਾਵੇਂ ਸਥਾਨਕ ਲੋਕਾਂ, ਸਿਵਲ ਡਿਫੈਂਸ ਦੇ ਵਾਰਡਨਾਂ, ਸਮਾਜ ਸੇਵੀਆਂ ਅਤੇ ਭਾਰਤੀ ਫੌਜ ਦੀ ਸਾਂਝੀ ਕੋਸ਼ਿਸ਼ ਨਾਲ ਫਿਰੋਜ਼ਪੁਰ ਸ਼ਹਿਰ ਨੂੰ ਡੁੱਬਣ ਤੋਂ ਬਚਾਅ ਲਿਆ ਗਿਆ ਸੀ, ਪਰ ਮੌਜੂਦਾ ਹਾਲਾਤ ਇਸ਼ਾਰਾ ਕਰ ਰਹੇ ਹਨ ਕਿ ਜੇ ਸਮਾਂ ਰਹਿੰਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਨਾ ਕੀਤੇ ਗਏ ਤਾਂ ਇਸ ਵਾਰ ਸਤਲੁਜ ਦਾ ਪਾਣੀ ਸ਼ਹਿਰ ਅਤੇ ਅੱਧੇ ਜ਼ਿਲ੍ਹੇ ਲਈ ਵੱਡੀ ਤਬਾਹੀ ਸਾਬਤ ਹੋ ਸਕਦਾ ਹੈ। ਮਾਹਿਰਾਂ ਅਤੇ ਸਥਾਨਕ ਲੋਕਾਂ ਅਨੁਸਾਰ, ਜੇ ਬਾਰਿਸ਼ਾਂ ਦੌਰਾਨ ਪਹਾੜੀ ਇਲਾਕਿਆਂ ਤੋਂ ਵੱਧ ਪਾਣੀ ਆ ਗਿਆ ਜਾਂ ਡੈਮਾਂ ਤੋਂ ਅਚਾਨਕ ਛੱਡਿਆ ਗਿਆ ਤਾਂ ਇਹ ਪਾਣੀ ਫਿਰੋਜ਼ਪੁਰ ਲਈ ‘ਵਾਟਰ ਬੰਬ’ ਬਣ ਸਕਦਾ ਹੈ। ਸ਼ਹਿਰ ਨੂੰ ਸਤਲੁਜ ਦੇ ਪਾਣੀ ਤੋਂ ਬਚਾਉਣ ਲਈ ਬਣਾਇਆ ਗਿਆ ਪੱਕਾ ‘ਹਬੀਬ ਕੇ ਬੰਨ੍ਹ’ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਪਹੁੰਚ ਚੁੱਕਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬੰਨ੍ਹ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਪੱਥਰਾਂ ਦੀਆਂ ਨੋਚਾਂ ਕਈ ਥਾਵਾਂ ਤੋਂ ਕਮਜ਼ੋਰ ਹੋ ਚੁੱਕੀਆਂ ਹਨ। ਲੋਹੇ ਦੇ ਜਾਲ ਚੋਰੀ ਹੋਣ ਕਾਰਨ ਪੱਥਰ ਪਾਣੀ ਵਿੱਚ ਰੁੜ ਗਏ ਹਨ, ਜਿਸ ਨਾਲ ਬੰਨ੍ਹ ਦੀ ਮਜ਼ਬੂਤੀ ’ਤੇ ਸਵਾਲ ਖੜੇ ਹੋ ਰਹੇ ਹਨ। ਪਿਛਲੇ ਸਾਲ ਹੜ੍ਹਾਂ ਦੌਰਾਨ ਐਮਰਜੰਸੀ ਵਿੱਚ ਲਗਾਏ ਗਏ ਮਿੱਟੀ ਅਤੇ ਰੇਤ ਨਾਲ ਭਰੇ ਲੱਖਾਂ ਗੱਟੇ ਵੀ ਹੁਣ ਮਿੱਟੀ ਦੇ ਢੇਰ ਬਣ ਕੇ ਰਹਿ ਗਏ ਹਨ ਅਤੇ ਪਾਣੀ ਦੇ ਤੇਜ਼ ਬਹਾਵ ਦਾ ਸਾਹਮਣਾ ਕਰਨ ਜੋਗੇ ਨਹੀਂ ਰਹੇ। ਜਿਕਰਯੋਗ ਹੈ ਕਿ 2025 ਦੇ ਹੜ੍ਹਾਂ ਦੌਰਾਨ ਸਤਲੁਜ ਨਾਲ ਲੱਗਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਸਨ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਕਈ ਚੌਂਕੀਆਂ ਵੀ ਪ੍ਰਭਾਵਿਤ ਹੋਈਆਂ ਅਤੇ ਕਈ ਥਾਵਾਂ ’ਤੇ ਕੰਢਿਆਲੀ ਤਾਰ ਤੱਕ ਪੁੱਟ ਗਈ ਸੀ। ਪਿੰਡ ਟੇਂਡੀ ਵਾਲਾ ਵਿੱਚ ਲੋਕਾਂ ਦੀ ਜ਼ਮੀਨ ਅਤੇ ਘਰ ਦਰਿਆ ਵਿੱਚ ਸਮਾ ਗਏ ਸਨ, ਜਦਕਿ ਖੇਤਾਂ ਵਿੱਚ 10-10 ਫੁੱਟ ਤੱਕ ਰੇਤਾ ਜਮਾਂ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਲੋਕਾਂ ਨੇ ਖੁਦ ਸੰਭਾਲਿਆ ਸੀ ਮੋਰਚਾ ਹੜ੍ਹਾਂ ਦੇ ਦੌਰਾਨ ਸਥਾਨਕ ਲੋਕਾਂ, ਸਮਾਜ ਸੇਵੀਆਂ ਅਤੇ ਸਿਵਲ ਡਿਫੈਂਸ ਨੇ ਫੌਜ ਦੀ ਮਦਦ ਨਾਲ ਬੰਨ੍ਹ ਦੀਆਂ ਕਮਜ਼ੋਰ ਨੋਚਾਂ ਨੂੰ ਆਰਜ਼ੀ ਤੌਰ ’ਤੇ ਮਜ਼ਬੂਤ ਕੀਤਾ ਸੀ। ਮਿੱਟੀ ਅਤੇ ਰੇਤ ਦੇ ਭਰੇ ਗੱਟੇ ਲਗਾ ਕੇ ਪਾਣੀ ਦੇ ਦਬਾਅ ਨੂੰ ਰੋਕਿਆ ਗਿਆ ਸੀ। ਇਹ ਘਟਨਾ ਪੰਜਾਬੀਆਂ ਦੀ ਸਾਂਝੀ ਹਿੰਮਤ ਅਤੇ ਸੇਵਾ ਭਾਵਨਾ ਦੀ ਵੱਡੀ ਮਿਸਾਲ ਬਣੀ ਸੀ। ਵਿਭਾਗੀ ਟੀਮ ਕਰ ਰਹੀ ਹੈ ਕੰਮਜੋਰ ਹਿੱਸਿਆਂ ਦੀ ਨਿਸ਼ਾਨਦੇਹੀ : ਨਿਗਰਾਨ ਇੰਜੀਨੀਅਰ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੋਇਲ ਮੁਤਾਬਕ ਐਕਸੀਐਨ ਦੀ ਅਗਵਾਈ ਹੇਠ ਟੀਮ ਬੰਨ੍ਹ ਦੇ ਕਮਜ਼ੋਰ ਪੁਆਇੰਟਾਂ ਦੀ ਨਿਸ਼ਾਨਦੇਹੀ ਕਰ ਰਹੀ ਹੈ। ਪੂਰੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਜੇ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਅਪ੍ਰੈਲ ਤੱਕ ਨੋਚਾਂ ਦੀ ਮਜ਼ਬੂਤੀ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਕੀ ਸਰਕਾਰ ਬਜਟ ’ਚ ਹੜ੍ਹਾਂ ਤੋਂ ਬਚਾਅ ਨੂੰ ਦੇਵੇਗੀ ਤਰਜੀਹ ਹਰ ਸਾਲ ਹੜ੍ਹਾਂ ਤੋਂ ਬਾਅਦ ਸਰਕਾਰਾਂ ਨੂੰ ਫਸਲਾਂ, ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ ਅਰਬਾਂ ਰੁਪਏ ਖਰਚਣੇ ਪੈਂਦੇ ਹਨ। ਆਮ ਲੋਕਾਂ ਦੀ ਰਾਏ ਹੈ ਕਿ ਜੇ ਇਹੀ ਰਕਮ ਪਹਿਲਾਂ ਹੀ ਬੰਨ੍ਹਾਂ, ਨਹਿਰਾਂ ਅਤੇ ਖਾਲਿਆਂ ਦੀ ਮਜ਼ਬੂਤੀ ’ਤੇ ਖਰਚ ਕੀਤੀ ਜਾਵੇ ਤਾਂ ਵੱਡੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਹੁਣ ਸਭ ਦੀ ਨਜ਼ਰ ਆਉਣ ਵਾਲੇ ਪੰਜਾਬ ਬਜਟ ’ਤੇ ਟਿਕੀ ਹੋਈ ਹੈ ਕਿ ਕੀ ਦਰਿਆਈ ਇਲਾਕਿਆਂ ਦੀ ਸੁਰੱਖਿਆ ਲਈ ਕੋਈ ਢੁੱਕਵੀਂ ਯੋਜਨਾ ਐਲਾਨੀ ਜਾਵੇਗੀ ਜਾਂ ਨਹੀਂ।