ਦਾਸ ਐਂਡ ਬ੍ਰਾਊਨ ਵਰਲਡ ਸਕੂਲ ’ਚ ਖੁੱਲ੍ਹੀ ‘ਈਮਾਨਦਾਰੀ ਦੀ ਦੁਕਾਨ’
ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਖੁੱਲ੍ਹੀ ‘ਈਮਾਨਦਾਰੀ ਦੀ ਦੁਕਾਨ’
Publish Date: Sun, 03 May 2026 04:19 PM (IST)
Updated Date: Mon, 04 May 2026 04:05 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਅਜੋਕੇ ਦੌਰ ਵਿਚ ਜਿੱਥੇ ਨੈਤਿਕ ਕਦਰਾਂ-ਕੀਮਤਾਂ ਸਿਰਫ਼ ਗੱਲਾਂ ਤੱਕ ਸੀਮਤ ਰਹਿ ਗਈਆਂ ਹਨ, ਉੱਥੇ ਫਿਰੋਜ਼ਪੁਰ ਦੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਨੇ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ‘ਓਨੈਸਟੀ ਸ਼ਾਪ’ (ਈਮਾਨਦਾਰੀ ਦੀ ਦੁਕਾਨ) ਦੀ ਸ਼ੁਰੂਆਤ ਕੀਤੀ ਹੈ। ‘ਈਮਾਨਦਾਰੀ ਦਿਵਸ’ ਦੇ ਮੌਕੇ ’ਤੇ ਸ਼ੁਰੂ ਕੀਤੀ ਗਈ ਇਹ ਦੁਕਾਨ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਉੱਪਰ ਉੱਠ ਕੇ ਜੀਵਨ ਦਾ ਸੱਚਾ ਪਾਠ ਪੜ੍ਹਾ ਰਹੀ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੁਕਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਕੋਈ ਸੇਲਜ਼ਮੈਨ ਜਾਂ ਦੁਕਾਨਦਾਰ ਮੌਜ਼ੂਦ ਨਹੀਂ ਹੈ। ਦੁਕਾਨ ਵਿਚ ਸਟੇਸ਼ਨਰੀ ਦਾ ਜ਼ਰੂਰੀ ਸਾਮਾਨ ਰੱਖਿਆ ਗਿਆ ਹੈ ਅਤੇ ਵਿਦਿਆਰਥੀ ਆਪਣੀ ਲੋੜ ਅਨੁਸਾਰ ਚੀਜ਼ਾਂ ਚੁੱਕ ਕੇ ਉਸ ਦੀ ਨਿਰਧਾਰਿਤ ਕੀਮਤ ਖ਼ੁਦ ਹੀ ਈਮਾਨਦਾਰੀ ਦੇ ਡੱਬੇ ਵਿਚ ਪਾ ਦਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਇੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਨਿਗਰਾਨੀ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਅਧਿਆਪਕ ਦਾ ਦਬਾਅ ਹੈ। ਸਭ ਕੁਝ ਵਿਦਿਆਰਥੀਆਂ ਦੇ ਆਪਣੇ ਅੰਤਰਮਨ ਦੀ ਆਵਾਜ਼ ਅਤੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ। ਡਾ. ਪਾਂਡੇ ਨੇ ਅੱਗੇ ਕਿਹਾ ਕਿ ਇਹ ਪਹਿਲ ਬੱਚਿਆਂ ਨੂੰ ਨਾ ਸਿਰਫ਼ ਈਮਾਨਦਾਰੀ ਦਾ ਮਹੱਤਵ ਸਮਝਾ ਰਹੀ ਹੈ, ਸਗੋਂ ਉਨ੍ਹਾਂ ਵਿਚ ਆਤਮ-ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਭਰੋਸੇਯੋਗਤਾ ਵਰਗੇ ਗੁਣ ਵੀ ਪੈਦਾ ਕਰ ਰਹੀ ਹੈ। ਜਦੋਂ ਵੀ ਕੋਈ ਵਿਦਿਆਰਥੀ ਸਹੀ ਕੀਮਤ ਡੱਬੇ ਵਿਚ ਪਾਉਂਦਾ ਹੈ, ਤਾਂ ਉਹ ਸਿਰਫ਼ ਇਕ ਪੈੱਨ ਜਾਂ ਕਾਪੀ ਨਹੀਂ ਖ਼ਰੀਦਦਾ, ਸਗੋਂ ਆਪਣੇ ਕਿਰਦਾਰ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਅਸਲ ਸਿੱਖਿਆ ਉਹੀ ਹੈ ਜੋ ਇਨਸਾਨ ਦੀ ਸ਼ਖ਼ਸੀਅਤ ਨੂੰ ਨਿਖਾਰੇ। ਇਹ ‘ਓਨੈਸਟੀ ਸ਼ਾਪ’ ਇਸੇ ਸੋਚ ਦਾ ਪ੍ਰਤੱਖ ਪ੍ਰਮਾਣ ਹੈ, ਜਿੱਥੇ ਈਮਾਨਦਾਰੀ ਸਿਰਫ਼ ਪੜ੍ਹਾਈ ਨਹੀਂ ਜਾਂਦੀ, ਸਗੋਂ ਅਮਲੀ ਰੂਪ ਵਿਚ ਜੀਵੀ ਜਾਂਦੀ ਹੈ।