ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦਫ਼ਤਰ ’ਚ ਹਿੰਦੀ ਕਾਰਜਸ਼ਾਲਾ ਕਰਵਾਈ
ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦਫ਼ਤਰ ਵਿਖੇ ਹਿੰਦੀ ਕਾਰਜਸ਼ਾਲਾ ਦਾ ਆਯੋਜਨ
Publish Date: Thu, 30 Apr 2026 04:08 PM (IST)
Updated Date: Thu, 30 Apr 2026 04:11 PM (IST)

- ਰੇਲਵੇ ਕਰਮਚਾਰੀਆਂ ਨੂੰ ਸਰਕਾਰੀ ਕੰਮਕਾਜ ’ਚ ਹਿੰਦੀ ਦੀ ਵਰਤੋਂ ਲਈ ਕੀਤਾ ਗਿਆ ਉਤਸਾਹਿਤ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਉੱਤਰ ਰੇਲਵੇ ਦੇ ਮੰਡਲ ਦਫ਼ਤਰ ਫਿਰੋਜ਼ਪੁਰ ਦੇ ਸਭਾ ਹਾਲ ਵਿਚ ਲੇਖਾ ਸ਼ਾਖਾ ਦੇ ਕਰਮਚਾਰੀਆਂ ਲਈ ਇਕ ਵਿਸ਼ੇਸ਼ ਹਿੰਦੀ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਮਾਹਿਰਾਂ ਨੇ ਕਰਮਚਾਰੀਆਂ ਨੂੰ ਰਾਜ ਭਾਸ਼ਾ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦਫ਼ਤਰੀ ਕੰਮ ਹਿੰਦੀ ਵਿਚ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਦੱਸਿਆ। ਉੱਤਰ ਰੇਲਵੇ ਫ਼ਿਰੋਜ਼ਪੁਰ ਦੇ ਮੰਡਲ ਦਫ਼ਤਰ ਵਿਚ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪਸਾਰ ਅਤੇ ਸਰਕਾਰੀ ਕੰਮਕਾਜ ਵਿਚ ਇਸਦੀ ਵਰਤੋਂ ਨੂੰ ਵਧਾਉਣ ਦੇ ਉਦੇਸ਼ ਨਾਲ ਇਕ ਪ੍ਰਭਾਵਸ਼ਾਲੀ ਕਾਰਜਸ਼ਾਲਾ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰਿਆਂ ਵਜੋਂ ਅਸ਼ਵਨੀ ਕੁਮਾਰ ਸਹਾਇਕ ਮੰਡਲ ਵਿੱਤ ਪ੍ਰਬੰਧਕ ਫ਼ਿਰੋਜ਼ਪੁਰ ਅਤੇ ਸੁਨੀਲ ਸੀਨੀਅਰ ਅਨੁਵਾਦਕ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਕਰਮਚਾਰੀਆਂ ਨੂੰ ਭਾਰਤ ਸਰਕਾਰ ਦੇ ਰਾਜਭਾਸ਼ਾ ਨੀਤੀ ਅਤੇ ਹਿੰਦੀ ਦੀ ਵਰਤੋਂ ਨਾਲ ਸਬੰਧਿਤ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਦੀ ਨੂੰ ਸਿਰਫ਼ ਇਕ ਭਾਸ਼ਾ ਵਜੋਂ ਨਹੀਂ, ਸਗੋਂ ਆਪਣੇ ਰੋਜ਼ਾਨਾ ਸਰਕਾਰੀ ਕੰਮਕਾਜ ਦੇ ਇਕ ਅਨਿੱਖੜਵੇਂ ਹਿੱਸੇ ਵਜੋਂ ਅਪਣਾਉਣ। ਕਾਰਜਸ਼ਾਲਾ ਵਿਚ ਕਰਮਚਾਰੀਆਂ ਨੂੰ ਰੋਜ਼ਾਨਾ ਦੇ ਕੰਮ ਜਿਵੇਂ ਕਿ ਨੋਟਿੰਗ, ਡਰਾਫਟਿੰਗ ਅਤੇ ਪੱਤਰ ਵਿਹਾਰ ਹਿੰਦੀ ਵਿਚ ਕਰਦੇ ਸਮੇਂ ਆਉਣ ਵਾਲੀਆਂ ਤਕਨੀਕੀ ਅਤੇ ਭਾਸ਼ਾਈ ਦਿੱਕਤਾਂ ’ਤੇ ਚਰਚਾ ਕੀਤੀ ਗਈ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਸਰਲ ਹੱਲ ਸੁਝਾਏ ਗਏ। ਇਸ ਸਿਖਲਾਈ ਸੈਸ਼ਨ ਦਾ ਮੁੱਖ ਮਕਸਦ ਕਰਮਚਾਰੀਆਂ ਵਿਚ ਹਿੰਦੀ ਪ੍ਰਤੀ ਝਿਜਕ ਨੂੰ ਦੂਰ ਕਰਨਾ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿਚ ਵਾਧਾ ਕਰਨਾ ਸੀ। ਇਸ ਮੌਕੇ ਸਾਰੇ ਹਾਜ਼ਰ ਕਰਮਚਾਰੀਆਂ ਨੇ ਭਵਿੱਖ ਵਿੱਚ ਸਰਕਾਰੀ ਕੰਮਕਾਜ ਵਿਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਭਰੋਸਾ ਦਿੱਤਾ।