ਤੇਜ਼ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਤਾਪਮਾਨ ’ਚ ਆਈ ਭਾਰੀ ਗਿਰਾਵਟ
ਫਿਰੋਜ਼ਪੁਰ ’ਚ ਤੇਜ਼ ਹਨ੍ਹੇਰੀ ਨਾਲ ਪਿਆ ਭਾਰੀ ਮੀਂਹ
Publish Date: Sat, 30 May 2026 03:24 PM (IST)
Updated Date: Sat, 30 May 2026 03:26 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਅੱਜ ਸਵੇਰੇ ਲਗਭਗ 10 ਵਜੇ ਅਚਾਨਕ ਮੌਸਮ ਨੇ ਕਰਵਟ ਲਈ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਤੇਜ਼ ਹਨ੍ਹੇਰੀ ਝੁੱਲਣ ਤੋਂ ਬਾਅਦ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਇਸ ਅਚਾਨਕ ਆਏ ਮੀਂਹ ਅਤੇ ਠੰਢੀਆਂ ਹਵਾਵਾਂ ਨੇ ਪੂਰੇ ਇਲਾਕੇ ਨੂੰ ਆਪਣੀ ਆਗੋਸ਼ ਵਿਚ ਲੈ ਲਿਆ, ਜਿਸ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਪੂਰਾ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਭਿਆਨਕ ਗਰਮੀ ਦੀ ਲਪੇਟ ਵਿਚ ਸੀ।ਜਿੱਥੇ ਲੰਘੇ ਦਿਨਾਂ ਦੌਰਾਨ ਪਾਰਾ 45 ਡਿਗਰੀ ਦੇ ਆਸ-ਪਾਸ ਪਹੁੰਚਣ ਕਾਰਨ ਦੁਪਹਿਰ ਵੇਲੇ ਬਾਜ਼ਾਰਾਂ ਅਤੇ ਸੜਕਾਂ ’ਤੇ ਸੁੰਨਸਾਨ ਵਰਗਾ ਮਾਹੌਲ ਬਣ ਜਾਂਦਾ ਸੀ, ਉੱਥੇ ਅੱਜ ਹੋਈ ਬਾਰਿਸ਼ ਕਾਰਨ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਤਿੱਖੀ ਧੁੱਪ ਅਤੇ ਅੱਗ ਵਰ੍ਹਾਉਂਦੀ ਲੂ ਨੇ ਪਸ਼ੂ-ਪੰਛੀਆਂ ਅਤੇ ਆਮ ਮਨੁੱਖਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਅਜਿਹੇ ਦੌਰ ਵਿਚ ਅੱਜ ਸਵੇਰੇ ਆਏ ਇਸ ਮੀਂਹ ਨੇ ਲੋਕਾਂ ਲਈ ਅੰਮ੍ਰਿਤ ਵਰਗਾ ਕੰਮ ਕੀਤਾ ਹੈ। ਸਵੇਰੇ ਲਗਭਗ 10 ਵਜੇ ਅਚਾਨਕ ਅਸਮਾਨ ਵਿਚ ਕਾਲੇ-ਸ਼ਾਹ ਬੱਦਲ ਛਾ ਗਏ ਅਤੇ ਦੇਖਦੇ ਹੀ ਦੇਖਦੇ ਤੇਜ਼ ਹਨ੍ਹੇਰੀ ਚੱਲਣ ਲੱਗੀ। ਹਨ੍ਹੇਰੀ ਤੇਜ਼ ਹੋਣ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਰੋਕਣੀਆਂ ਪਈਆਂ। ਇਸ ਤੋਂ ਤੁਰੰਤ ਬਾਅਦ ਗੇੜਿਆਂ ਨਾਲ ਤੇਜ਼ ਮੀਂਹ ਨਾਲ ਵੀ ਸ਼ੁਰੂ ਹੋ ਗਿਆ, ਜਿਸ ਨੇ ਤਪਦੀ ਹੋਈ ਧਰਤੀ ਨੂੰ ਠਾਰ ਦਿੱਤਾ। ਮੀਂਹ ਪੈਣ ਨਾਲ ਜਿੱਥੇ ਮੌਸਮ ਬੇਹੱਦ ਖੁਸ਼ਗਵਾਰ ਹੋ ਗਿਆ, ਉੱਥੇ ਹੀ ਬੱਚਿਆਂ ਅਤੇ ਨੌਜਵਾਨਾਂ ਨੇ ਘਰਾਂ ਦੀਆਂ ਛੱਤਾਂ ’ਤੇ ਨਹਾ ਕੇ ਇਸ ਪਹਿਲੀ ਵੱਡੀ ਬਾਰਸ਼ ਦਾ ਭਰਪੂਰ ਆਨੰਦ ਮਾਣਿਆ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਮੀਂਹ ਨਾਲ ਤਾਪਮਾਨ ਵਿਚ 5 ਤੋਂ 7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਈ ਹੈ, ਜਿਸ ਨਾਲ ਆਉਣ ਵਾਲੇ ਇੱਕ-ਦੋ ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੇਗੀ। ਦੂਜੇ ਪਾਸੇ ਇਹ ਮੀਂਹ ਖੇਤੀਬਾੜੀ ਲਈ ਵੀ ਕਾਫੀ ਫਾਇਦੇਮੰਦ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਸਬਜ਼ੀਆਂ ਅਤੇ ਚਾਰੇ ਦੀਆਂ ਫਸਲਾਂ ਨੂੰ ਇਸ ਨਾਲ ਨਵੀਂ ਜ਼ਿੰਦਗੀ ਮਿਲੇਗੀ, ਕਿਉਂਕਿ ਤੇਜ਼ ਗਰਮੀ ਕਾਰਨ ਫਸਲਾਂ ਸੁੱਕਣ ਕਿਨਾਰੇ ਪਹੁੰਚ ਚੁੱਕੀਆਂ ਸਨ। ਹਾਲਾਂਕਿ, ਤੇਜ਼ ਹਨ੍ਹੇਰੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦਰੱਖਤਾਂ ਦੇ ਟਹਿਣੇ ਟੁੱਟਣ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਵੀ ਹਨ। ਬਿਜਲੀ ਵਿਭਾਗ ਨੇ ਸੁਰੱਖਿਆ ਦੇ ਲਿਹਾਜ਼ ਨਾਲ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਕੁਝ ਸਮੇਂ ਲਈ ਬੰਦ ਕਰ ਦਿੱਤੀ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪਰ ਕੁੱਲ ਮਿਲਾ ਕੇ, ਬਿਜਲੀ ਗੁੱਲ ਹੋਣ ਦੇ ਬਾਵਜੂਦ, ਠੰਢੀਆਂ ਹਵਾਵਾਂ ਚੱਲਣ ਕਰਕੇ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ ਅਤੇ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਗਰਮੀ ਤੋਂ ਰਾਹਤ ਪਾਈ ਹੈ।