ਮਮਦੋਟ ਇਲਾਕੇ ’ਚ ਭਾਰੀ ਗੜੇਮਾਰੀ ਨੇ ਮਾਰੀ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ
ਮਮਦੋਟ ਇਲਾਕੇ ਵਿਚ ਭਾਰੀ ਗੜ੍ਹੇਮਾਰੀ ਨੇ ਮਾਰੀ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ
Publish Date: Sat, 04 Apr 2026 07:16 PM (IST)
Updated Date: Sat, 04 Apr 2026 07:19 PM (IST)

ਬਗੀਚਾ ਸਿੰਘ ਪੰਜਾਬੀ ਜਾਗਰਣ ਮਮਦੋਟ : ਸਰਹੱਦੀ ਖੇਤਰ ਮਮਦੋਟ ਵਿਚ ਕੁਦਰਤ ਦਾ ਕਹਿਰ ਇਸ ਕਦਰ ਵਰ੍ਹਿਆ ਹੈ ਕਿ ਕਿਸਾਨਾਂ ਦੀਆਂ ਸਾਲ ਭਰ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਅੱਜ ਸ਼ਾਮ ਵੇਲੇ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਨੇ ਜਿੱਥੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਖੇਤਾਂ ਵਿਚ ਸੋਨੇ ਰੰਗੀ ਲਹਿਰਾਉਂਦੀ ਕਣਕ ਦੀ ਫਸਲ ਨੂੰ ਮਿੱਟੀ ਵਿਚ ਮਿਲਾ ਦਿੱਤਾ। ਸਰਹੱਦੀ ਪਿੰਡਾਂ ਫਾਰੂ ਵਾਲਾ, ਖੁੰਦਰ ਹਿਠਾੜ ਅਤੇ ਜਾਮਾ ਰੱਖਈਆ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਗੜ੍ਹੇਮਾਰੀ ਨੇ ਖੇਤੀਬਾੜੀ ਸੈਕਟਰ ਨੂੰ ਡੂੰਘੀ ਸੱਟ ਮਾਰੀ ਹੈ। ਕਿਸਾਨ ਜੋ ਪਹਿਲਾਂ ਹੀ ਪਿਛਲੇ ਸਾਲਾਂ ਦੀਆਂ ਕੁਦਰਤੀ ਆਫਤਾਂ ਦੀ ਮਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਸਨ, ਹੁਣ ਇਕ ਵਾਰ ਫਿਰ ਆਰਥਿਕ ਸੰਕਟ ਦੇ ਮੁਹਾਨੇ ’ਤੇ ਆ ਖੜ੍ਹੇ ਹਨ। ਮੀਂਹ ਤੇ ਗੜਿਆਂ ਦੇ ਸੁਮੇਲ ਨੇ ਨਾ ਸਿਰਫ ਫਸਲ ਨੂੰ ਵਿਛਾ ਦਿੱਤਾ ਹੈ, ਸਗੋਂ ਦਾਣਿਆਂ ਦੀ ਗੁਣਵੱਤਾ ਅਤੇ ਝਾੜ ’ਤੇ ਵੀ ਬੁਰਾ ਅਸਰ ਪਾਇਆ ਹੈ। ਕਿਸਾਨ ਲਖਵਿੰਦਰ ਸਿੰਘ, ਕੁਲਜੀਤ ਸਿੰਘ ਤੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦੱਸਿਆ ਕਿ ਦੁਪਹਿਰ ਤੋਂ ਬਾਅਦ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਸਨ। ਸ਼ਾਮ ਹੁੰਦੇ-ਹੁੰਦੇ ਤੇਜ਼ ਹਵਾਵਾਂ ਦੇ ਨਾਲ ਗੜ੍ਹੇਮਾਰੀ ਸ਼ੁਰੂ ਹੋ ਗਈ। ਗੜਿਆਂ ਕਾਰਨ ਕਣਕ ਹੀ ਨਹੀਂ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਬੁਰੀ ਤਰ੍ਹਾਂ ਨੁਸਾਨਿਆ ਗਿਆ ਹੈ। ਸਬਜ਼ੀਆਂ ਲਗਭਗ ਖਤਮ ਹੋ ਗਈਆਂ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬੁਰਜੀ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ 2025 ਵਿਚ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਜਿਸ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰੇ।