ਨਗਰ ਕੌਂਸਲ ਫਿਰੋਜ਼ਪੁਰ ਚੋਣਾਂ ’ਚ ਅਮਨ ਅਮਾਨ ਨਾਲ ਨੇਪਰੇ ਚੱੜ੍ਹੀ ਵੋਟਿੰਗ ਪ੍ਰਕਿਰਿਆ
ਗਰਮੀ ਦਾ ਪ੍ਰਕੋਪ ਜਾਂ ਲੋਕਤੰਤਰ ’ਚ ਵਧੀ ਬੇਭਰੋਸਗੀ , ਪੰਜ ਵਜੇ ਤੱਕ ਮਹਿਜ਼ 57 ਫੀਸਦੀ ਰਹੀ ਵੋਟ ਫੀਸਦ
Publish Date: Tue, 26 May 2026 07:53 PM (IST)
Updated Date: Tue, 26 May 2026 07:55 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਹੁਣ ਇਸ ਨੂੰ ਗਰਮੀ ਦਾ ਪ੍ਰਕੋਪ ਆਖੀਏ ਜਾਂ ਲੋਕਾਂ ਦਾ ਜਮਹੂਰੀ ਸਿਆਸਤਦਾਨਾਂ ’ਚੋਂ ਉੱਠਿਆ ਭਰੋਸਾ ਕਿ ਮੰਗਲਵਾਰ ਨੂੰ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਲਈ ਪਈਆਂ ਵੋਟਾਂ ਵਿੱਚ ਸ਼ਾਮ ਪੰਜ ਵਜੇ ਤੱਕ ਆਖਰੀ ਜਮਾਂ ਘਟਾੳ ਤੋਂ ਪਹਿਲੋਂ ਮਹਿਜ਼ 57 ਫੀਸਦੀ ਵੋਟਾਂ ਹੀ ਪਈਆਂ ਸਨ। ਫਿਰੋਜ਼ਪੁਰ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਸਵੇਰੇ ਨਜ਼ਰ ਆ ਰਿਹਾ ਉਤਸ਼ਾਹ ਅਤੇ ਸਰਗਰਮੀ ਦੁਪਹਿਰ ਆਉਂਦੇ ਤੱਕ ਢਿੱਲੀ ਹੁੰਦੀ ਨਜ਼ਰ ਆਈ । ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਲਈ ਮੰਗਲਵਾਰ ਸਵੇਰੇ 8 ਵਜੇ ਵੋਟਿੰਗ ਦਾ ਕੰਮ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਇਆ, ਜੋ ਕਿ ਲਗਾਤਾਰ ਜਾਰੀ ਹੈ। ਵੋਟਿੰਗ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ,ਪਰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਹੀ ਕਥਿੱਤ ‘ਮਿਸਬਿਹੇਵੀਅਰ’ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਸਡੀਐਮ ਫਿਰੋਜ਼ਪੁਰ ਨੂੰ ਲੈ ਕੇ ਚੋਣ ਅਮਲੇ ਵਿਚ ਨਾਰਾਜਗੀ ਵੇਖਣ ਨੂੰ ਮਿਲ ਰਹੀ ਹੈ। ਹਰ ਪੋਲਿੰਗ ਬੂਥ ਤੇ ਸੁਰੱਖਿਆ ਦੇ ਸਖ਼ਤ ਪਹਿਰੇ ਲਗਾਏ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਧਰ ਇਸ ਦੌਰਾਨ ਇੱਕਾ ਦੂੱਕਾ ਘਟਨਾਵਾਂ ਦੁਪਹਿਰ ਸਮੇਂ ਸ਼ਹਿਰ ਦੇ ਬਸਤੀ ਟੈਂਕਾ ਵਾਲੀ ਵਿਖੇ ਵਾਪਰੀਆਂ ਜਿਥੇ ਪੁਲਿਸ ਨੇ ਬਾਹਰੀ ਜ਼ਿਲ੍ਹਿਆਂ ਤੋਂ ਆਈਆਂ ਗੱਡੀਆਂ ਅਤੇ ਕੁੱਝ ਧਾੜ੍ਹਵੀਆਂ ਨੂੰ ਵੱਕਤੀ ਤੌਰ ’ਤੇ ਹਿਰਾਸਤ ਵਿੱਚ ਲੈ ਲਿਆ । ਪੁਲਿਸ ਅਨੁਸਾਰ ਉਨ੍ਹਾਂ ’ਤੇ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਕੁੱਲ ਮਿਲਾ ਕੇ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੱੜ੍ਹਿਆ। ਚੋਣਾਂ ਦੌਰਾਨ ਸ਼ਹਿਰ ਦੇ ਦੁਆਲੇ ਬਸਤੀਆਂ ਵਿੱਚ ਲੋਕਾਂ ਦਾ ਉਤਸ਼ਾਹ ਕਾਫੀ ਨਜ਼ਰ ਆਇਆ। ਸਵੇਰ ਤੋਂ ਹੀ ਵੋਟਰ ਅਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਾਰੇ ਹੀ ਸ਼ਹਿਰ ਦੇ ਵਿਕਾਸ ਲਈ ਵੱਧ-ਚੜ੍ਹ ਕੇ ਵੋਟ ਪਾਉਣ ਪਹੁੰਚ ਰਹੇ ਹਨ। ਜੇਕਰ ਵੋਟਿੰਗ ਦੀ ਰਫ਼ਤਾਰ ਦੀ ਗੱਲ ਕੀਤੀ ਜਾਵੇ, ਤਾਂ ਸ਼ੁਰੂਆਤੀ ਘੰਟਿਆਂ ਵਿੱਚ ਤੇਜ਼ੀ ਆਈ। ਪ੍ਰਸ਼ਾਸਨ ਵੱਲੋਂ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ, ਸਵੇਰੇ ਸ਼ਾਮ ਪੰਜ ਵਜੇ ਤੱਕ ਕਰੀਬ 57 ਫ਼ੀਸਦੀ ਦੇ ਲਗਭਗ ਵੋਟਿੰਗ ਹੋ ਚੁੱਕੀ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਆਖਰੀ ਗਿਣਤੀ ਤੱਕ ਵੋਟਰਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਵੇਗਾ। ਚੋਣ ਮੈਦਾਨ ਵਿੱਚ ਉੱਤਰੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ ਵਿੱਚ ਬੰਦ ਹੋ ਗਈ ਹੈ। ਸ਼ਹਿਰ ਦੇ ਵਿਕਾਸ, ਸਾਫ਼-ਸਫ਼ਾਈ, ਸੜਕਾਂ ਅਤੇ ਹੋਰ ਸਥਾਨਕ ਮੁੱਦਿਆਂ ਨੂੰ ਮੁੱਖ ਰੱਖ ਕੇ ਲੋਕ ਅਪਣੀ ਸਰਕਾਰ ਚੁਣ ਰਹੇ ਹਨ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸਾਰੇ ਬਕਸਿਆਂ ਨੂੰ ਸਖ਼ਤ ਸੁਰੱਖਿਆ ਹੇਠ ਸਟ੍ਰਾਂਗ ਰੂਮ ਵਿੱਚ ਰੱਖਿਆ ਜਾਵੇਗਾ। ਇਨ੍ਹਾਂ ਨਗਰ ਕੌਂਸਲ ਚੋਣਾਂ ਦਾ ਨਤੀਜਾ 29 ਮਈ ਨੂੰ ਐਲਾਨਿਆ ਜਾਵੇਗਾ, ਜਿਸ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।