ਫਾਇਰ ਸੇਫਟੀ ਵੀਕ ਤਹਿਤ ਸਿਹਤ ਸਟਾਫ ਨੇ ਲਿਆ ਅਹਿਦ
ਫਾਇਰ ਸੇਫਟੀ ਵੀਕ ਤਹਿਤ ਸਿਹਤ ਸਟਾਫ ਨੇ ਲਿਆ ਪ੍ਰਣ
Publish Date: Mon, 04 May 2026 04:42 PM (IST)
Updated Date: Mon, 04 May 2026 04:44 PM (IST)

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਵਿੱਚ 4 ਤੋਂ 10 ਮਈ ਤੱਕ ਰਾਸ਼ਟਰੀ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਨੋਡਲ ਅਫਸਰ ਡਾ. ਏਡੀਸਨ ਏਰਿਕ ਦੀ ਅਗਵਾਈ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖ-ਰੇਖ ਵਿੱਚ ਸਿਵਲ ਸਰਜਨ ਦਫ਼ਤਰ ਸਮੇਤ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਟਾਫ ਵੱਲੋਂ ਅੱਗ ਤੋਂ ਸੁਰੱਖਿਆ ਅਤੇ ਜਾਗਰੂਕਤਾ ਲਈ ਪ੍ਰਣ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਕੰਬੋਜ਼, ਡਾ. ਰਾਜਵੀਰ ਕੰਬੋਜ਼, ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ, ਨਰਸਿੰਗ ਸਟਾਫ ਤੋਂ ਸ਼ੀਲੂ, ਸਟੈਨੋ ਰੋਹਿਤ ਸਚਦੇਵਾ, ਗੀਤਾ ਅਤੇ ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ ਮੌਜੂਦ ਸੀ। ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਇਹ ਮੁਹਿੰਮ 1944 ਦੇ ਬੰਬਈ ਬੰਦਰਗਾਹ ਹਾਦਸੇ ’ਚ ਸ਼ਹੀਦ ਹੋਏ ਫਾਇਰ ਫਾਈਟਰਾਂ ਦੀ ਯਾਦ ਵਿੱਚ ਹਰ ਸਾਲ ਮਨਾਈ ਜਾਂਦੀ ਹੈ। ਹਫ਼ਤੇ ਭਰ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਅੱਗ ਬੁਝਾਊ ਯੰਤਰਾਂ ਦੀ ਵਰਤੋਂ, ਅੱਗ ਦੀ ਰੋਕਥਾਮ, ਤਿਆਰੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਬਾਰੇ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਫਾਇਰ ਸੇਫਟੀ ਵੀਕ ‘ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਤੋਂ ਸੁਰੱਖਿਆ ਪ੍ਰਤੀ ਜ਼ਿੰਮੇਵਾਰ ਸਮਾਜ : ਅੱਗ ਦੀ ਰੋਕਥਾਮ ਲਈ ਇਕੱਠੇ’ ਥੀਮ ਹੇਠ ਮਨਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਸੁਨੀਤਾ ਕੰਬੋਜ਼ ਨੇ ਕਿਹਾ ਕਿ ਫਾਇਰ ਸੇਫਟੀ ਵੀਕ ਦੌਰਾਨ ਸਟਾਫ ਅਤੇ ਆਮ ਲੋਕਾਂ ਨੂੰ ਅੱਗ ਸੁਰੱਖਿਆ ਨਿਯਮਾਂ, ਐਮਰਜੈਂਸੀ ਨਿਕਾਸੀ ਪ੍ਰਕਿਰਿਆਵਾਂ ਅਤੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰਣ ਦੌਰਾਨ ਸਟਾਫ ਵੱਲੋਂ ਅੱਗ ਤੋਂ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ, ਅੱਗ ਲੱਗਣ ਦੇ ਸੰਭਾਵੀ ਕਾਰਨਾਂ ਨੂੰ ਰੋਕਣ ਲਈ ਹਰ ਸੰਭਵ ਸਾਵਧਾਨੀ ਵਰਤਣ, ਬਿਜਲੀ ਦੇ ਉਪਕਰਣਾਂ ਦੀ ਵਰਤੋਂ ਸੰਭਾਲ ਨਾਲ ਕਰਨ, ਐਮਰਜੈਂਸੀ ਵੇਲੇ ਸੁਰੱਖਿਅਤ ਨਿਕਾਸੀ ਦੇ ਤਰੀਕਿਆਂ ਨੂੰ ਅਪਣਾਉਣ ਅਤੇ ਲੋਕਾਂ ਤੇ ਮਰੀਜ਼ਾਂ ਨੂੰ ਇਸ ਬਾਰੇ ਜਾਗਰੂਕ ਕਰਨ ਦਾ ਸੰਕਲਪ ਲਿਆ ਗਿਆ। ਇਸ ਦੇ ਨਾਲ ਹੀ ਅੱਗ ਬੁਝਾਊ ਯੰਤਰ (ਫਾਇਰ ਐਕਸਟਿੰਗਵਿਸ਼ਰ) ਦੀ ਵਰਤੋਂ ਸਿੱਖਣ ’ਤੇ ਵੀ ਜ਼ੋਰ ਦਿੱਤਾ ਗਿਆ। ਸਿਹਤ ਵਿਭਾਗ ਨੇ ਅਪੀਲ ਕੀਤੀ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਫਾਇਰ ਬ੍ਰਿਗੇਡ ਦੇ ਐਮਰਜੈਂਸੀ ਨੰਬਰ 101 ਦਾ ਤੁਰੰਤ ਪ੍ਰਯੋਗ ਕੀਤਾ ਜਾਵੇ।