ਸਿਹਤ ਵਿਭਾਗ ਵੱਲੋਂ ਦੁੱਧ, ਦਹੀ, ਪਨੀਰ ਤੇ ਖੋਏ ਦੇ 8 ਸੈਂਪਲ ਭਰੇ : ਡਾ. ਕਵਿਤਾ ਸਿੰਘ
ਸਿਹਤ ਵਿਭਾਗ ਵੱਲੋਂ ਦੁੱਧ, ਦਹੀ, ਪਨੀਰ ਤੇ ਖੋਏ ਦੇ 8 ਸੈਂਪਲ ਭਰੇ: ਡਾ. ਕਵਿਤਾ ਸਿੰਘ
Publish Date: Wed, 06 May 2026 04:06 PM (IST)
Updated Date: Wed, 06 May 2026 04:08 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹੇ ਵਿੱਚ ਮਿਲਾਵਟਖੋਰੀ ’ਤੇ ਰੋਕ ਲਗਾਉਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਫੂਡ ਸੈਂਪਲਿੰਗ ਟੀਮ ਵੱਲੋਂ 5 ਅਤੇ 6 ਮਈ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਦੁੱਧ, ਦਹੀ, ਪਨੀਰ ਅਤੇ ਖੋਏ ਦੇ 8 ਸੈਂਪਲ ਭਰੇ ਗਏ। ਫੂਡ ਸੇਫਟੀ ਅਫਸਰ ਕੰਵਰਦੀਪ ਦੀ ਅਗਵਾਈ ਹੇਠ ਟੀਮ ਨੇ ਇਹ ਸੈਂਪਲ ਪਨੀਰ ਫੈਕਟਰੀ ਫੋਕਲ ਪੁਆਇੰਟ ਅਬੋਹਰ, ਗੰਗਾਨਗਰ, ਸੀਤੋ ਅਤੇ ਹਨੂਮਾਨਗੜ੍ਹ ਰੋਡ ’ਤੇ ਨਾਕੇ ਲਗਾ ਕੇ ਇਕੱਠੇ ਕੀਤੇ। ਅਸਿਸਟੈਂਟ ਕਮਿਸ਼ਨਰ ਫੂਡ ਡਾ. ਅਮਰਬੀਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲਏ ਗਏ ਇਹ ਸੈਂਪਲ ਜਾਂਚ ਲਈ ਫੂਡ ਲੈਬੋਰਟਰੀਆਂ ਵਿੱਚ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੈਂਪਲਿੰਗ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਮਿਲਾਵਟ ਦਾ ਸ਼ੱਕ ਹੁੰਦਾ ਹੈ, ਉਥੇ ਖਾਧ ਪਦਾਰਥਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਂਦੇ ਹਨ। ਜੇ ਜਾਂਚ ਦੌਰਾਨ ਮਿਲਾਵਟ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਫੂਡ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਖਾਧ ਪਦਾਰਥ ਤਿਆਰ ਕਰਨ ਅਤੇ ਵੇਚਣ ਦੌਰਾਨ ਹੱਥਾਂ ਵਿੱਚ ਦਸਤਾਨੇ ਅਤੇ ਸਿਰ ’ਤੇ ਟੋਪੀ ਦੀ ਵਰਤੋਂ ਕੀਤੀ ਜਾਵੇ। ਨਾਲ ਹੀ ਫੂਡ ਸੇਫਟੀ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਜ਼ਰੂਰ ਕਰਵਾਈ ਜਾਵੇ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ, ਢਾਬਿਆਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਮਿਲਾਵਟ ਰਹਿਤ ਅਤੇ ਸਾਫ਼-ਸੁਥਰਾ ਭੋਜਨ ਤਿਆਰ ਕਰਨ ਤੇ ਵੇਚਣ ਲਈ ਕਿਹਾ। ਖਾਧ ਪਦਾਰਥ ਵੇਚਣ ਅਤੇ ਤਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਅਤੇ ਦੁਕਾਨਾਂ ਦੀ ਸਫ਼ਾਈ ਦੇ ਨਾਲ-ਨਾਲ ਖਾਧ ਪਦਾਰਥ ਤਿਆਰ ਕਰਨ, ਵੇਚਣ ਅਤੇ ਪਰੋਸਣ ਵਾਲੇ ਸਟਾਫ਼ ਦੀ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ।