ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਮਨਾਇਆ ‘ਫਾਇਰ ਸੇਫਟੀ ਹਫ਼ਤਾ’
ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ‘ਫਾਇਰ ਸੇਫਟੀ ਹਫ਼ਤਾ’ ਮਨਾਇਆ
Publish Date: Mon, 04 May 2026 05:36 PM (IST)
Updated Date: Mon, 04 May 2026 05:38 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫ਼ਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ‘ਫਾਇਰ ਸੇਫਟੀ ਹਫ਼ਤਾ’ ਮਨਾਇਆ ਗਿਆ। ਇਸ ਮੌਕੇ ਸਿਹਤ ਸੰਸਥਾਵਾਂ ਵਿੱਚ ਅੱਗ ਲੱਗਣ ਦੀ ਸੂਰਤ ਵਿਚ ਬਚਾਅ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਤੇ ਦਰਜਾਚਾਰ ਮੁਲਾਜ਼ਮਾਂ ਨੂੰ ਅੱਗ ਤੋਂ ਬਚਾਅ ਸਬੰਧੀ ਸਹੁੰ ਚੁਕਾਈ। ਸਟਾਫ ਵਲੋਂ ਸਹੁੰ ਚੁੱਕੀ ਗਈ ਕਿ ਉਹ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਦਾਖ਼ਲ ਮਰੀਜ਼ਾਂ ਦੀ ਸੁਰੱਖਿਆ ਨੂੰ ਪਹਿਲ ਦੇਣਗੇ, ਫਾਇਰ ਸੇਫਟੀ ਉਪਕਰਨਾਂ ਦੀ ਵਰਤੋਂ ਸਿੱਖਣਗੇ ਅਤੇ ਕਿਸੇ ਵੀ ਐਮਰਜੈਂਸੀ ਦੌਰਾਨ ਘਬਰਾਹਟ ਦੀ ਬਜਾਏ ਸੂਝ-ਬੂਝ ਨਾਲ ਕੰਮ ਕਰਨਗੇ। ਸਿਵਲ ਸਰਜਨ ਨੇ ਦੱਸਿਆ ਕਿ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿਚ ਅੱਗ ਬੁਝਾਊ ਯੰਤਰ, ਫਾਇਰ ਅਲਾਰਮ, ਪਾਣੀ ਦੇ ਪਾਈਪਾਂ ਅਤੇ ਐਮਰਜੈਂਸੀ ਨਿਕਾਸੀ ਰਸਤਿਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿਚ ਆਕਸੀਜਨ ਸਿਲੰਡਰ, ਦਵਾਈਆਂ ਅਤੇ ਬਿਜਲੀ ਦੇ ਉਪਕਰਨਾਂ ਕਾਰਨ ਅੱਗ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਹਰ ਮੁਲਾਜ਼ਮ ਦਾ ਫਰਜ਼ ਬਣਦਾ ਹੈ ਕਿ ਉਹ ਫਾਇਰ ਸੇਫਟੀ ਨਿਯਮਾਂ ਤੋਂ ਜਾਣੂ ਹੋਵੇ ਤਾਂ ਜੋ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਇੰਚਾਰਜ਼ ਹਰ ਮਹੀਨੇ ਫਾਇਰ ਸੇਫਟੀ ਉਪਕਰਨਾਂ ਦੀ ਜਾਂਚ ਕਰਨ ਅਤੇ ਮਿਆਦ ਪੁੱਗੇ ਅੱਗ ਬੁਝਾਊ ਯੰਤਰ ਤੁਰੰਤ ਬਦਲ ਦਿੱਤੇ ਜਾਣ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ, ਡਾ. ਹਰਪ੍ਰੀਤ ਕੌਰ, ਡਾ. ਮਨਮੀਤ ਸਿੰਘ, ਡਾ. ਵਿਨੀਤ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਸੁਪਰਡੈਂਟ ਪਰਮਵੀਰ ਮੋਂਗਾ, ਸੁਪਰਡੈਂਟ ਤ੍ਰਿਪਤੀ, ਸਟੈਨੋ ਵਿਕਾਸ ਕਾਲੜਾ ਅਤੇ ਸਾਰੇ ਪ੍ਰੋਗਰਾਮ ਅਫਸਰ ਹਾਜ਼ਰ ਸਨ।