ਵਿਵੇਕਾਨੰਦ ਜੂਨੀਅਰ ਸਕੂਲ ’ਚ ਹਵਨ ਨਾਲ ਹੋਈ ਨਵੇਂ ਸੈਸ਼ਨ ਦੀ ਸ਼ੁਰੂਆਤ
ਵਿਵੇਕਾਨੰਦ ਜੂਨੀਅਰ ਸਕੂਲ ਵਿਚ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਸਮਾਰੋਹ ਆਯੋਜਿਤ
Publish Date: Tue, 31 Mar 2026 05:07 PM (IST)
Updated Date: Tue, 31 Mar 2026 05:10 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਜੂਨੀਅਰ ਸਕੂਲ ਵਿਚ ਸੈਸ਼ਨ 2026-27 ਦੇ ਸ਼ੁਰੂਆਤ ਮੌਕੇ ਸਕੂਲ ਵਿਚ ਹਵਨ ਅਤੇ ਮਾਂ ਸਰਸਵਤੀ ਦੀ ਸਥਾਪਨਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਨਵੇਂ ਅਕੈਡਮਿਕ ਸੈਸ਼ਨ ਦੀ ਮੰਗਲਮਈ ਸ਼ੁਰੂਆਤ ਕਰਨਾ ਅਤੇ ਵਿਦਿਆਰਥੀਆਂ ਦੇ ਭਵਿੱਖ ਅਤੇ ਉੱਤਮ ਸਿੱਖਿਆ ਲਈ ਅਸੀਸ ਪ੍ਰਾਪਤ ਕਰਨਾ ਸੀ। ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ ਦੀ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਮੁੱਖ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਡੌਲੀ ਭਾਸਕਰ ਸਕੱਤਰ, ਵਿਵੇਕਾਨੰਦ ਵਰਲਡ ਸਕੂਲ ਅਤੇ ਆਸੀਰ ਭਾਸਕਰ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨਾਲ ਮਿਲ ਕੇ ਸ਼ਰਧਾ ਅਤੇ ਉਤਸ਼ਾਹ ਨਾਲ ਹਵਨ ਵਿਚ ਆਹੁਤੀਆਂ ਦਿੱਤੀਆਂ ਅਤੇ ਸਕੂਲ ਦੀ ਤਰੱਕੀ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕੀਤੀ। ਪ੍ਰੋਗਰਾਮ ਦੌਰਾਨ ਮਾਂ ਸਰਸਵਤੀ ਦੀ ਸਥਾਪਨਾ ਵੀ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ, ਬੁੱਧੀ ਅਤੇ ਚੰਗੇ ਗੁਣਾਂ ਦਾ ਅਸੀਸ ਮਿਲ ਸਕੇ। ਹਵਨ ਰਾਹੀਂ ਸਭ ਨੇ ਏਕਤਾ, ਸਹਿਯੋਗ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਦਿੱਤਾ। ਅਧਿਆਪਕਾਂ ਨੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਅਤੇ ਵਧੀਆ ਅਕੈਡਮਿਕ ਮਾਹੌਲ ਤਿਆਰ ਕਰਨ ਦਾ ਸੰਕਲਪ ਲਿਆ। ਪ੍ਰੋਗਰਾਮ ਦੇ ਅੰਤ ਵਿਚ ਪ੍ਰਸਾਦ ਵੰਡਿਆ ਗਿਆ ਅਤੇ ਸਾਰੇ ਹਾਜ਼ਰ ਮਹਿਮਾਨਾਂ ਦਾ ਸਕੂਲ ਵੱਲੋਂ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਸ਼ਰਧਾ ਅਤੇ ਉਤਸ਼ਾਹ ਨਾਲ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ।