ਮੰਗਲਵਾਰ ਸ਼ਾਮ ਫਿਰੋਜ਼ਪੁਰ ’ਚ ਕਈ ਥਾਈਂ ਹੋਈ ਗੜੇਮਾਰੀ, ਕਿਸਾਨ ਚਿੰਤਤ
ਮੰਗਲਵਾਰ ਸ਼ਾਮ ਫਿਰੋਜ਼ਪੁਰ ’ਚ ਕਈ ਥਾਈਂ ਹੋਈ ਗੜੇਮਾਰੀ ,ਕਿਸਾਨਾਂ ’ਚ ਦਹਿਸ਼ਤ
Publish Date: Tue, 31 Mar 2026 06:59 PM (IST)
Updated Date: Tue, 31 Mar 2026 07:01 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਮੰਗਲਵਾਰ ਸ਼ਾਮ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮੀਂਹ ਦੇ ਨਾਲ ਕਈ ਥਾਵਾਂ ‘ਤੇ ਤੇਜ਼ ਗੜ੍ਹੇਮਾਰੀ ਨੇ ਕਿਸਾਨਾਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੇ ਕਈ ਦਿਨਾਂ ਤੋਂ ਚੱਲ ਰਹੇ ਮੌਸਮੀ ਉਤਾਰ-ਚੜ੍ਹਾਅ ,ਕਦੇ ਤਪਦੀ ਗਰਮੀ ਤੇ ਕਦੇ ਬੱਦਲਾਂ ਦੀ ਛਾਂ ਨਾਲ ਕਿਣਮਿਣ ਤੇ ਹੁਣ ਗੜ੍ਹੇਮਾਰੀ ਪੱਕਣ ਦੇ ਆਖਰੀ ਪੜਾਅ ‘ਤੇ ਪਹੁੰਚੀ ਕਣਕ ਦੀ ਫਸਲ ‘ਤੇ ਵੱਡਾ ਅਸਰ ਪਾਇਆ ਹੈ। ਇਕ ਪਾਸੇ ਕਿਸਾਨ ਅਸਮਾਨ ਵੱਲ ਤੱਕਦੇ ਹੋਏ ਰੱਬ ਅੱਗੇ ਅਰਦਾਸ ਕਰ ਰਹੇ ਹਨ, ਦੂਜੇ ਪਾਸੇ ਉਹੀ ਕੁਦਰਤ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਨੂੰ ਨੁਕਸਾਨ ਪਹੁੰਚਾ ਰਹੀ ਹੈ।ਰਿਪੋਰਟਾਂ ਮੁਤਾਬਕ ਫਿਰੋਜ਼ਪੁਰ ਸ਼ਹਿਰ, ਛਾਉਣੀ, ਪਿੰਡ ਖਾਈ, ਮਮਦੋਟ ਇਲਾਕਾ ਅਤੇ ਆਸ-ਪਾਸ ਦੇ ਕਈ ਪੇਂਡੂ ਖੇਤਰਾਂ ਵਿੱਚ ਭਾਰੀ ਗੜ੍ਹੇਮਾਰੀ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਵੀ ਬੇਮੌਸਮੀ ਮੀਂਹ ਅਤੇ ਤੇਜ਼ ਹਨ੍ਹੇਰੀਆਂ ਨੇ ਹਾੜੀ ਦੀ ਮੁੱਖ ਫਸਲ ਕਣਕ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ।ਇਸ ਤੋਂ ਇਲਾਵਾ ਬੀਤੇ ਕਈ ਦਿਨਾਂ ਤੋਂ ਕਦੇ ਇਕਦਮ ਗਰਮੀ ਅਤੇ ਕਦੇ ਕਿਣਮਿਣ ਅਤੇ ਰੁਕ-ਰੁਕ ਕੇ ਪੈ ਰਹੇ ਬੇਮੌਸਮੀ ਮੀਂਹ ਅਤੇ ਭਾਰੀ ਹਨ੍ਹੇਰੀ ਨੇ ਹਾੜੀ ਦੀ ਮੁੱਖ ਫਸਲ ਕਣਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਲਹਿਰਾਉਂਦੀ ਸੁਨਹਿਰੀ ਹੋਣ ਵੱਲ ਵਧ ਰਹੀ ਕਣਕ ਦੀ ਫਸਲ ਜ਼ਮੀਨ ਤੇ ਵਿਛ ਗਈ ਹੈ, ਜਿਸ ਨਾਲ ਨਾ ਸਿਰਫ ਫਸਲ ਦੀ ਗੁਣਵੱਤਾ ਸਗੋਂ ਇਸ ਦੇ ਝਾੜ ਤੇ ਵੀ ਵੱਡਾ ਮਾਰੂ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ। ਇਸ ਬੇਮੌਸਮੀ ਮਾਰ ਨੇ ਖਾਸ ਕਰਕੇ ਫਿਰੋਜ਼ਪੁਰ ਦੇ ਨਾਲ ਲੱਗਦੇ ਪੇਂਡੂ ਇਲਾਕਿਆਂ ਵਿਚ ਮਾਰ ਪਈ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਫਸਲ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਆਪਣਾ ਦੁੱਖ ਸਾਂਝਾ ਕਰਦਿਆਂ ਪਿੰਡ ਰੁਕਨਾ ਮੁੰਗਲਾ ਦੇ ਸਰਪੰਚ ਬਿੰਦੂ ਜੋਸਨ ਨੇ ਦੱਸਿਆ ਕਿ ਕਿਸਾਨ ਪੂਰਾ ਸਾਲ ਮਿਹਨਤ ਕਰਕੇ ਫਸਲ ਨੂੰ ਪਾਲਦੇ ਹਨ, ਪਰ ਜਦੋਂ ਫਲ ਲੈਣ ਦਾ ਸਮਾਂ ਆਉਂਦਾ ਹੈ ਤਾਂ ਕੁਦਰਤੀ ਆਫ਼ਤਾਂ ਸਭ ਕੁਝ ਤਬਾਹ ਕਰ ਦਿੰਦੀਆਂ ਹਨ। ਕਿਸਾਨਾਂ ਅਨੁਸਾਰ ਕਣਕ ਦੀ ਫਸਲ ਹੁਣ ਪੱਕਣ ਦੇ ਆਖਰੀ ਪੜਾਅ ’ਤੇ ਹੈ ਅਤੇ ਕੁਝ ਹੀ ਦਿਨਾਂ ਵਿੱਚ ਵਾਢੀ ਸ਼ੁਰੂ ਹੋਣੀ ਸੀ।ਕੁੱਝ ਥਾਵਾਂ ’ਤੇ ਹਵਾਵਾਂ ਕਾਰਨ ਕਣਕ ਦੇ ਸਿੱਟੇ ਭਾਰੇ ਹੋਣ ਕਰਕੇ ਬੂਟੇ ਭਾਰ ਨਹੀਂ ਝੱਲ ਸਕੇ ਅਤੇ ਧਰਤੀ ’ਤੇ ਡਿੱਗ ਗਏ ਹਨ। ਕਿਸਾਨ ਜੋਗਿੰਦਰ ਸਿੰਘ ਮਾਣਕ ਅਤੇ ਸੁੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਗਰਮੀ ਤੋਂ ਬਚਾਉਣ ਲਈ ਫਸਲ ਨੂੰ ਹਾਲ ਹੀ ਵਿੱਚ ਪਾਣੀ ਲਗਾਇਆ ਸੀ, ਉਨ੍ਹਾਂ ਦਾ ਨੁਕਸਾਨ ਦੁੱਗਣਾ ਹੋਇਆ ਹੈ ਕਿਉਂਕਿ ਗਿੱਲੀ ਮਿੱਟੀ ਕਾਰਨ ਜੜ੍ਹਾਂ ਕਮਜ਼ੋਰ ਹੋ ਗਈਆਂ ਅਤੇ ਤੇਜ਼ ਹਵਾ ਨੇ ਫਸਲ ਨੂੰ ਤੁਰੰਤ ਸੁੱਟ ਦਿੱਤਾ। ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ। ਝਾੜ ਘਟਣ ਦਾ ਖਦਸ਼ਾ, ਵਾਢੀ ‘ਚ ਮੌਕੇ ਹੋਵੇਗੀ ਤੰਗੀ ਮਾਹਿਰਾਂ ਅਨੁਸਾਰ ਜੇਕਰ ਕਣਕ ਦੀ ਫਸਲ ਜ਼ਮੀਨ ‘ਤੇ ਡਿੱਗ ਜਾਵੇ ਤਾਂ ਸਿੱਟਿਆਂ ਵਿੱਚ ਦਾਣਾ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦਾ। ਇਸ ਨਾਲ ਨਾ ਸਿਰਫ ਝਾੜ ਘਟਦਾ ਹੈ, ਸਗੋਂ ਦਾਣੇ ਦਾ ਰੰਗ ਵੀ ਖਰਾਬ ਹੋ ਸਕਦਾ ਹੈ।ਇਸ ਤੋਂ ਇਲਾਵਾ, ਡਿੱਗੀ ਹੋਈ ਫਸਲ ਦੀ ਕਟਾਈ ਕੰਬਾਈਨਾਂ ਨਾਲ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਕਿਸਾਨਾਂ ‘ਤੇ ਲੇਬਰ ਦਾ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।