ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮੈਰਿਟ ’ਚ ਆਏ ਬੱਚਿਆਂ ਦਾ ਸਨਮਾਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ
Publish Date: Wed, 15 Apr 2026 04:34 PM (IST)
Updated Date: Wed, 15 Apr 2026 04:36 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿਛਲੇ ਦਿਨੀਂ ਸਰਕਾਰੀ ਕਾਲਜ ਜ਼ੀਰਾ ਦੇ 100 ਦੇ ਕਰੀਬ ਵਿਦਿਆਰਥੀਆਂ ਦਾ ਧਾਰਮਿਕ ਇਮਤਿਹਾਨ ਲਿਆ ਗਿਆ। ਉਨ੍ਹਾਂ ਵਿਦਿਆਰਥੀਆਂ ਦਾ ਅੱਜ ਜੋਨ ਫਿਰੋਜ਼ਪੁਰ ਦੇ ਇੰਚਾਰਜ਼ ਬਲਬੀਰ ਸਿੰਘ, ਰਿਟਾਇਰਡ ਲੈਕਚਰਾਰ ਜੁਗਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਪਲਤਾ ਵੱਲੋਂ ਸਰਕਾਰੀ ਕਾਲਜ ਜ਼ੀਰਾ ਵਿਖੇ ਪਹੁੰਚ ਕੇ ਸਨਮਾਨ ਕੀਤਾ ਗਿਆ। ਇਸ ਇਮਤਿਹਾਨ ਵਿਚ ਕਾਲਜ ਦੀ ਵਿਦਿਆਰਥਣ ਰਿਬਕਾ ਕੌਰ ਨੇ ਫਿਰੋਜ਼ਪੁਰ ਜੋਨ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ, ਜਿਸ ਨੂੰ 2 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ, ਜਦਕਿ ਰਮਨਪ੍ਰੀਤ ਕੌਰ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ ਅਤੇ ਅੰਮ੍ਰਿਤ ਪੰਨੂ ਨੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ। ਇਸ ਮੌਕੇ ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਉਪਦੇਸ਼ਾਂ ਨੂੰ ਅਪਣਾਉਣ ਅਤੇ ਧਾਰਮਿਕ ਪ੍ਰੀਖਿਆਵਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸਚਿਨ ਕਾਲੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਪਵਿੱਤਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਕਾਲਜ ਦੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।